ਮਹਾਸਾਧਵੀ ਹੇਮ ਕੁੰਵਰ ਦੀ 19ਵੀਂ ਬਰਸੀ ਸ਼ਰਧਾ ਨਾਲ ਮਨਾਈ
ਮਹਾਸਾਧਵੀ ਹੇਮ ਕੁੰਵਰ ਜੀ ਮਹਾਰਾਜ ਦੀ 19ਵੀਂ ਬਰਸੀ ਸ਼ਰਧਾਪੂਰਵਕ ਮਨਾਈ
Publish Date: Mon, 16 Mar 2026 05:43 PM (IST)
Updated Date: Tue, 17 Mar 2026 04:07 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਤਪਾਚਾਰੀਆ ਹੇਮ ਕੁੰਵਰ ਜੈਨ ਗਰਲਜ਼ ਕਾਲਜ ਵਿਖੇ ਰਾਸ਼ਟਰ ਸ੍ਰਮਣੀ ਤਪੱਸਵੀ ਅਤੇ ਕਾਲਜ ਦੀ ਸੰਸਥਾਪਿਕਾ ਮਹਾਸਾਧਵੀ ਸ੍ਰੀ ਹੇਮ ਕੁੰਵਰ ਮਹਾਰਾਜ ਦੀ 19ਵੀਂ ਬਰਸੀ ਉਨ੍ਹਾਂ ਦੀ ਚੇਲੀ ਉਪ-ਪਰਵਰਤਨੀ ਜੈਨ ਸਾਧਵੀ ਡਾ. ਰਵੀ ਰਸ਼ਿਮ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਆਦਰ ਸਹਿਤ ਮਨਾਈ ਗਈ। ਸਮਾਗਮ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਜੈਨ ਸਾਧਵੀ ਹੇਮ ਕੁੰਵਰ ਵੈੱਲਫੇਅਰ ਸੁਸਾਇਟੀ ਰਾਮਾਂ, ਗੁਰੂ ਸ਼ੋਭਾਗਿਆ ਹੇਮ ਮੈਮੋਰੀਅਲ ਸੁਸਾਇਟੀ ਤੇ ਗੁਰੂ ਰੂਪ ਹੇਮ ਮਹਿਲਾ ਮੰਡਲ ਵੱਲੋਂ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹੈਲਪ ਲਾਈਨ ਵੈਲਫੇਅਰ ਸੁਸਾਇਟੀ ਤੇ ਏਮਜ਼ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਖੂਨਦਾਨੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਉਪ-ਪਰਵਰਤਨੀ ਜੈਨ ਸਾਧਵੀ ਡਾ. ਰਵੀ ਰਸ਼ਿਮ ਮਹਾਰਾਜ ਨੇ ਆਪਣੀ ਗੁਰੂ ਮਾਂ ਮਹਾਸਾਧਵੀ ਸ੍ਰੀ ਹੇਮ ਕੁੰਵਰ ਮਹਾਰਾਜ ਦੇ ਪਵਿੱਤਰ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸ਼ਾਂਤੀ, ਸਾਦਗੀ, ਸਹਿਜਤਾ ਅਤੇ ਨਿਮਰਤਾ ਦਾ ਅਦਭੁਤ ਮਿਸਾਲ ਸੀ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਲੰਬੇ ਸਮੇਂ ਤਕ ਕਠੋਰ ਤਪੱਸਿਆ ਕੀਤੀ ਤੇ 251 ਦਿਨ ਲਗਾਤਾਰ ਸਿਰਫ਼ ਗਰਮ ਜਲ ਵਰਤ ਰੱਖ ਕੇ ਰਾਸ਼ਟਰੀ ਤਪ ਦਾ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮਹਾਸਾਧਵੀ ਦੀ ਮਹਾਨ ਤਪੱਸਿਆ ਦੌਰਾਨ ਕਈ ਵਾਰ ਪ੍ਰਮਾਤਮਾ ਵੱਲੋਂ ਕੇਸਰ ਅੰਮ੍ਰਿਤ ਦੀ ਵਰਖਾ ਹੋਈ, ਜੋ ਅੱਜ ਵੀ ਭਗਤਾਂ ਲਈ ਅਟੱਲ ਸ਼ਰਧਾ ਦਾ ਕੇਂਦਰ ਹੈ। ਇਸ ਬਰਸੀ ਮੌਕੇ ਵੀ ਸ਼ਰਧਾਲੂਆਂ ਨੇ ਕੇਸਰ ਅੰਮ੍ਰਿਤ ਦੀ ਵਰਖਾ ਦੇ ਦਰਸ਼ਨ ਪ੍ਰਤੱਖ ਰੂਪ ਵਿਚ ਕੀਤੇ। ਡਾ. ਰਵੀ ਰਸ਼ਿਮ ਜੀ ਮਹਾਰਾਜ ਨੇ ਕਿਹਾ ਕਿ ਮਹਾਸਾਧਵੀ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਨੇ ਸਿਰਫ਼ ਆਧਿਆਤਮਿਕ ਖੇਤਰ ਹੀ ਨਹੀਂ, ਸਗੋਂ ਸਮਾਜਿਕ ਅਤੇ ਸਿੱਖਿਆ ਖੇਤਰ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਪ੍ਰੇਰਣਾ ਨਾਲ ਰਾਮਾਂ ਮੰਡੀ ਵਿਚ ਤਪਾਚਾਰੀਆ ਹੇਮ ਕੁੰਵਰ ਜੈਨ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਗਈ, ਜੋ ਅੱਜ ਕਈ ਕੁੜੀਆਂ ਦੀ ਸਿੱਖਿਆ ਦਾ ਕੇਂਦਰ ਬਣ ਚੁੱਕਾ ਹੈ। ਸਮਾਗਮ ਦੌਰਾਨ ਮਹਾਸਾਧਵੀ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਲਈ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਅੰਤ ਵਿਚ ਹਾਜ਼ਰ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।