- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਬਾਬਾ ਕਾਲੂ ਨਾਥ ਸਬੰਧੀ ਪੋਸਟਰ ਜਾਰੀ

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਵਿਰਸਾ ਸੰਭਾਲ ਕਮੇਟੀ ਵੱਲੋਂ ਮੇਲਾ ਬਾਬਾ ਕਾਲੂ ਨਾਥ ਜੀ ਦੇ ਸਬੰਧ ਵਿਚ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵਿਰਸਾ ਸੰਭਾਲ ਕਮੇਟੀ ਦੇ ਟੀਮ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ। ਇਸ ਮੌਕੇ ਕਮੇਟੀ ਦੇ ਆਗੂ ਮਾਸਟਰ ਗੁਰਬਚਨ ਸਿੰਘ ਨੰਬਰਦਾਰ ਨੇ ਦੱਸਿਆ ਕਿ ਮੇਲਾ ਭਾਵੇਂ 17 ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਪਰ ਵਿਰਸਾ ਸੰਭਾਲ ਕਮੇਟੀ ਵੱਲੋਂ 18 ਮਾਰਚ ਤੋਂ 21 ਮਾਰਚ ਤਕ ਲਗਾਤਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪ੍ਰਸਿੱਧ ਕਲਾਕਾਰ ਅਤੇ ਲੋਕ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਕਵਿਸ਼ਰ ਨਗਿੰਦਰ ਪਾਲ ਢਿੱਲਵਾਂ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਵੱਲੋਂ ਨਾਟਕ ਪੇਸ਼ ਕੀਤਾ ਜਾਵੇਗਾ ਅਤੇ ਨਕਲੀਏ ਘਨੌਰ ਵਾਲੇ ਵੀ ਦਰਸ਼ਕਾਂ ਨੂੰ ਆਪਣੇ ਹਾਸਿਆਂ ਭਰੇ ਪ੍ਰੋਗਰਾਮ ਨਾਲ ਮਨੋਰੰਜਨ ਕਰਨਗੇ। 19 ਮਾਰਚ ਨੂੰ ਪੰਜਾਬੀ ਲੋਕ ਗਾਇਕ ਬੱਗੜ ਖਾਨ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ।
ਇਸ ਤੋਂ ਇਲਾਵਾ ਪੁਰਾਤਨ ਢਾਡੀ ਜਥਾ ਦੇਸ ਰਾਜ ਲਚਕਾਣੀ ਅਤੇ ਵਿਰਾਸਤੀ ਭੰਡ ਅਵਤਾਰ ਸਿੰਘ ਚੜਿੱਕ ਵੱਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 20 ਮਾਰਚ ਨੂੰ ਕਵਿਸ਼ਰ ਪੰਡਿਤ ਸੋਮਨਾਥ ਰੋਡਿਆਂ ਵਾਲੇ, ਕਵੀਸ਼ਰ ਸਾਦਕ ਅਲੀ ਮਲੇਰਕੋਟਲੇ ਵਾਲੇ ਅਤੇ ਕੁਲਦੀਪ ਚੱਠਾ ਬਾਪੂ ਮੇਵਾ ਸਿੰਘ ਪਾਲੀਆ ਵੱਲੋਂ ਆਪਣੀ ਕਲਾ ਦੇ ਰੰਗ ਵਿਖਾਏ ਜਾਣਗੇ। 21 ਮਾਰਚ ਨੂੰ ਮਲਵਈ ਗਿੱਧਾ ਲੋਕ ਕਲਾ ਮੰਚ ਨਥਾਣਾ ਵੱਲੋਂ ਰਵਾਇਤੀ ਲੋਕ ਨਾਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਕਵਿਸ਼ਰ ਪ੍ਰੀਤ ਢੱਡੇ ਗਰੁੱਪ ਅਤੇ ਨਕਲਈਏ ਬਿੱਕਾ ਐਂਡ ਪਾਰਟੀ ਰੋਮਾਣਿਆ ਵਾਲੇ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਤੋਂ ਇਲਾਵਾ ਮੇਲੇ ਦੌਰਾਨ ਜਾਦੂਗਰ ਭਾਨਾ ਜਾਦੂਗਰ ਵੱਲੋਂ ਵੀ ਜਾਦੂ ਦੇ ਦਿਲਚਸਪ ਟ੍ਰਿਕ ਪੇਸ਼ ਕੀਤੇ ਜਾਣਗੇ। ਇਸ ਮੌਕੇ ਬਸੰਤ ਸਿੰਘ ਫੌਜੀ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਜਿਵੇਂ ਸਫਾਈ, ਸਟੇਜ ਅਤੇ ਹੋਰ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੇਲੇ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਰੋਮੀ ਕਨੇਡਾ ਨੇ ਵਿਦੇਸ਼ਾਂ ਵਿਚ ਰਹਿੰਦੇ ਐੱਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੇ ਮੇਲੇ ਨਾਲ ਜੁੜਨ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਇਸ ਵਾਰ ਵੀ ਲਾਈਵ ਦਿਖਾਇਆ ਜਾਵੇਗਾ ਤਾਂ ਜੋ ਲੋਕ ਕਿਸੇ ਕਾਰਨ ਕਰਕੇ ਮੇਲੇ ਵਿਚ ਸ਼ਾਮਲ ਨਹੀਂ ਹੋ ਸਕਦੇ, ਉਹ ਘਰ ਬੈਠੇ ਹੀ ਮੇਲੇ ਦਾ ਆਨੰਦ ਮਾਣ ਸਕਣ। ਇਸ ਮੌਕੇ ਸੁਖਦੇਵ ਸਿੰਘ ਸਲਾਣੀ ਚੱਕੀ ਵਾਲੇ, ਜਿੰਮੀ ਭੁੱਲਰ, ਜਸਵੰਤ ਸਿੰਘ ਸ਼ੀਸ਼ਾ ਨੰਬਰਦਾਰ, ਚਾਚਾ ਜੱਗਰ, ਗੁਰਪਿਆਰ ਸਿੰਘ ਰਿਚੀ, ਨਰਿੰਦਰ ਨੈਰੀ, ਜਰਨੈਲ ਸਿੰਘ ਭੁੱਲਰ, ਬਲਵੀਰ ਸਿੰਘ ਅਤੇ ਧਰਮਵੀਰ ਭੋਲਾ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਰਹੇ।