- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜੇ ਤੇ ਮੀਂਹ ਬਾਅਦ ਤਾਪਮਾਨ ਵਿੱਚ 9.6 ਡਿਗਰੀ ਦੀ ਗਿਰਾਵਟ, ਮੌਸਮ ਹੋਇਆ ਸੁਹਾਵਣਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਐਤਵਾਰ ਦੇਰ ਸ਼ਾਮ ਪਏ ਗੜਿਆਂ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਪੈਣ ਤੋਂ ਬਾਅਦ ਤਾਪਮਾਨ ’ਚ ਕਰੀਬ 9.6 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ, ਜਿਸ ਨਾਲ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ। ਜਿੱਥੇ ਮੀਂਹ ਤੋਂ ਪਹਿਲਾਂ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਉੱਥੇ ਮੀਂਹ ਤੋਂ ਬਾਅਦ ਇਹ ਘਟ ਕੇ ਕਰੀਬ 24 ਡਿਗਰੀ ਸੈਲਸੀਅਸ ਰਹਿ ਗਿਆ। ਮੌਸਮ ’ਚ ਆਈ ਇਸ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਿਨ ਭਰ ਤਾਪਮਾਨ ਵੱਧ ਹੋਣ ਕਾਰਨ ਲੋਕਾਂ ਨੂੰ ਗਰਮੀ ਮਹਿਸੂਸ ਹੋ ਰਹੀ ਸੀ, ਪਰ ਮੀਂਹ ਅਤੇ ਠੰਢੀਆਂ ਹਵਾਵਾਂ ਦੇ ਚੱਲਣ ਨਾਲ ਮੌਸਮ ਖੁਸ਼ਗਵਾਰ ਬਣ ਗਿਆ। ਸਵੇਰੇ ਤੇ ਸ਼ਾਮ ਦੇ ਸਮੇਂ ਠੰਢੀ ਹਵਾ ਕਾਰਨ ਹਲਕੀ ਠੰਢ ਵੀ ਮਹਿਸੂਸ ਕੀਤੀ ਗਈ, ਜਿਸ ਨਾਲ ਲੋਕਾਂ ਨੇ ਮੌਸਮ ਦਾ ਆਨੰਦ ਲਿਆ। ਐਤਵਾਰ ਦੇਰ ਸ਼ਾਮ ਅਚਾਨਕ ਬੱਦਲ ਛਾ ਗਏ ਅਤੇ ਕੁਝ ਸਮੇਂ ਬਾਅਦ ਤੇਜ਼ ਹਵਾਵਾਂ ਦੇ ਨਾਲ ਗੜੇ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਕੁਝ ਇਲਾਕਿਆਂ ਵਿੱਚ ਦਰਮਿਆਨੇ ਪੱਧਰ ਦਾ ਮੀਂਹ ਦਰਜ ਕੀਤਾ ਗਿਆ, ਜਦਕਿ ਕਈ ਥਾਵਾਂ ’ਤੇ ਗੜੇ ਵੀ ਪਏ। ਮੀਂਹ ਪੈਣ ਨਾਲ ਸੜਕਾਂ ਅਤੇ ਖੇਤਾਂ ਵਿੱਚ ਪਾਣੀ ਇਕੱਠਾ ਹੋ ਗਿਆ ਅਤੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ। ਮੌਸਮ ਵਿਭਾਗ ਅਨੁਸਾਰ ਪੱਛਮੀ ਵਿਘਨ ਦੇ ਪ੍ਰਭਾਵ ਕਾਰਨ ਮੌਸਮ ’ਚ ਇਹ ਤਬਦੀਲੀ ਆਈ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦੀ ਪੇਸ਼ਗੋਈ ਮੁਤਾਬਕ 19 ਅਤੇ 20 ਮਾਰਚ ਨੂੰ ਵੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।