- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਨਿਊਰੋਜੈਨਏਆਈ ਸਿਮਪੋਜ਼ਿਯਮ 2026 ਕਰਵਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਹਿਊਮਨ ਜਿਨੇਟਿਕਸ ਅਤੇ ਮੋਲੈਕਿਊਲਰ ਮੈਡੀਸਿਨ ਵਿਭਾਗ ਵੱਲੋਂ ਕਨਵਰਜਿੰਗ ਜੀਨੋਮਿਕਸ, ਨਿਊਰੋਸਾਇੰਸ, ਅਤੇ ਮਸ਼ੀਨ ਲਰਨਿੰਗ ਫਾਰ ਫਿਊਚਰ ਮੈਡੀਸਨ ਵਿਸ਼ੇ 'ਤੇ ਨਿਊਰੋਜੈਨਏਆਈ ਸਿਮਪੋਜ਼ਿਯਮ 2026 ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਇਸ ਸਿਮਪੋਜ਼ਿਯਮ ਦਾ ਮੁੱਖ ਉਦੇਸ਼ ਇਹ ਸਮਝਣਾ ਸੀ ਕਿ ਨਵੀਂ ਉਭਰ ਰਹੀਆਂ ਤਕਨਾਲੋਜੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਕਿਵੇਂ ਮਦਦਗਾਰ ਸਾਬਤ ਹੋ ਰਹੀਆਂ ਹਨ। ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ (ਖੋਜ ਅਤੇ ਵਿਕਾਸ) ਪ੍ਰੋ. ਅੰਜਨਾ ਮੁੰਸ਼ੀ ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਕਿਹਾ ਕਿ ਜਿਨੋਮਿਕਸ, ਨਿਊਰੋਸਾਇੰਸ ਤੇ ਕ੍ਰਿਤ੍ਰਿਮ ਬੁੱਧੀ ਦੇ ਇਕੱਠ ਨਾਲ ਵਿਗਿਆਨੀ ਜਟਿਲ ਜੀਵ ਵਿਗਿਆਨਕ ਡਾਟਾ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਇਸ ਨਾਲ ਨਿਊਰੋਲੋਜੀਕਲ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਬਿਮਾਰੀਆਂ ਨੂੰ ਸਮਝਣ ਲਈ ਨਵੇਂ ਮੌਕੇ ਖੁੱਲ ਰਹੇ ਹਨ। ਸਿੰਪੋਜ਼ੀਅਮ ਦੌਰਾਨ ਡਾ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ, ਪੰਜਾਬ ਦੇ ਆਈਟੀ ਵਿਭਾਗ ਤੋਂ ਡਾ. ਰਣਜੀਤ ਕੁਮਾਰ ਰਾਊਤ ਨੇ “ਮਾਈਂਡਜ਼ ਐਂਡ ਮਸ਼ੀਨਜ਼: ਮਸ਼ੀਨ ਇੰਟੈਲੀਜੈਂਸ ਖੋਜ ਨੂੰ ਕਿਵੇਂ ਬਦਲ ਰਹੀ ਹੈ” ਵਿਸ਼ੇ ’ਤੇ ਵਿਆਖਿਆਨ ਦਿੱਤਾ। ਡਾ. ਰਾਊਤ ਨੇ ਦੱਸਿਆ ਕਿ ਏਆਈ ਆਧਾਰਿਤ ਗਣਨਾਤਮਕ ਮਾਡਲ ਵੱਡੇ ਡਾਟਾ ਸੈੱਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੇ ਹਨ ਅਤੇ ਮਹੱਤਵਪੂਰਨ ਜੀਵ ਵਿਗਿਆਨਕ ਪੈਟਰਨ ਦੀ ਪਛਾਣ ਕਰ ਸਕਦੇ ਹਨ, ਜਿਸ ਨਾਲ ਰਵਾਇਤੀ ਪ੍ਰਯੋਗਾਤਮਕ ਤਰੀਕਿਆਂ ਨਾਲੋਂ ਤੇਜ਼ ਅਤੇ ਘੱਟ ਲਾਗਤ ਵਾਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਤੋਂ ਬਾਅਦ ਐਮਸ ਨਵੀਂ ਦਿੱਲੀ ਤੋਂ ਡਾ. ਦਿਬਿਆਭਾਬਾ ਪ੍ਰਧਾਨ ਵੱਲੋਂ “ਪ੍ਰਿਸੀਜ਼ਨ ਮੈਡੀਸਿਨ ਲਈ ਹਾਈ ਥਰੂਪੁੱਟ ਜਿਨੋਮਿਕਸ” ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ। ਉਨ੍ਹਾਂ ਨੇ ਬਿਮਾਰੀਆਂ ਦੀ ਪਛਾਣ ਅਤੇ ਵਿਅਕਤੀਗਤ ਸਿਹਤ ਸੰਭਾਲ ਵਿੱਚ ਕਲੀਨਿਕਲ ਜੀਨੋਮਿਕਸ ਅਤੇ ਬਾਇਓਇਨਫਾਰਮੈਟਿਕਸ ਦੀ ਵਧ ਰਹੀ ਮਹੱਤਤਾ ਉੱਤੇ ਚਾਨਣਾ ਪਾਇਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉੱਚ ਸਮਰੱਥਾ ਵਾਲੀਆਂ ਜੀਨੋਮਿਕ ਤਕਨੀਕਾਂ ਨੂੰ ਆਧੁਨਿਕ ਕੰਪਿਊਟੇਸ਼ਨਲ ਸਾਧਨਾਂ ਨਾਲ ਜੋੜ ਕੇ ਬਿਮਾਰੀਆਂ ਨਾਲ ਸਬੰਧਤ ਜੈਨੇਟਿਕ ਤਬਦੀਲੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਜਿਸ ਨਾਲ ਸ਼ੁੱਧਤਾ ਆਧਾਰਿਤ ਚਿਕਿਤਸਾ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲਦੀ ਹੈ। ਸਿੰਪੋਜ਼ਿਯਮ ਵਿੱਚ ਅਭਿਆਸ ਸੈਸ਼ਨ, ਕਵਿਜ਼ ਅਤੇ ਚਰਚਾਵਾਂ ਵੀ ਸ਼ਾਮਲ ਸਨ, ਜਿਸ ਨਾਲ ਭਾਗੀਦਾਰਾਂ ਨੂੰ ਜੈਵਿਕ ਅਤੇ ਚਿਕਿਤਸਾ ਖੋਜ ਵਿੱਚ ਵਰਤੇ ਜਾਣ ਵਾਲੇ ਆਧੁਨਿਕ ਡਾਟਾ ਸਾਇੰਸ ਸਾਧਨਾਂ ਦਾ ਵਿਹਾਰਕ ਅਨੁਭਵ ਪ੍ਰਾਪਤ ਹੋਇਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਸੇਨਾਪਤੀ ਨੇ ਆਮੰਤਰਿਤ ਵਕਤਾਵਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸਿਮਪੋਜ਼ਿਯਮ ਦੀ ਸਫਲਤਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।