ਮਲੂਕਾ ਨੇ ਵਿਧਾਇਕ ਘਨੌਰ ’ਤੇ ਲਾਏ ਝੂਠ ਬੋਲਣ ਦੇ ਦੋਸ਼
ਮਲੂਕਾ ਨੇ ਵਿਧਾਇਕ ਘਨੌਰ ’ਤੇ ਲਾਏ ਵਿਧਾਨ
Publish Date: Sun, 15 Mar 2026 05:31 PM (IST)
Updated Date: Mon, 16 Mar 2026 04:10 AM (IST)

-ਅਕਾਲੀ ਸਰਕਾਰ ਸਮੇ ਇਨਾਮੀ ਰਾਸ਼ੀ ’ਚ ਕਦੇ ਦੇਰੀ ਨਹੀਂ ਹੋਈ : ਮਲੂਕਾ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਕਬੱਡੀ ਐਸੋਸੀਐਸ਼ਨ ਦੇ ਲੰਮੇ ਸਮੇਂ ਪ੍ਰਧਾਨ ਰਹੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ‘ਆਪ’ ਦੇ ਵਿਧਾਇਕ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ ’ਤੇ ਵਿਧਾਨ ਸਭਾ ਵਿਚ ਝੂਠ ਬੋਲਣ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਕਬੱਡੀ ਕੱਪਾਂ ਦਾ ਅਹਿਮ ਹਿੱਸਾ ਰਹੇ ਕਬੱਡੀ ਖਿਡਾਰੀ ਮੌਜੂਦਾ ‘ਆਪ’ ਦੇ ਵਿਧਾਇਕ ਘਨੌਰ ਨੇ ਦੀ ਇਨਾਮੀ ਰਾਸ਼ੀ ਬਾਰੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ‘ਚ ਸਵਾਲ ਖੜ੍ਹੇ ਕੀਤੇ ਸਨ। ਵਿਧਾਇਕ ਗੁਰਲਾਲ ਘਨੌਰ ਨੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਅਕਾਲੀ ਸਰਕਾਰ ਸਮੇ ਕਰਵਾਏ ਕਬੱਡੀ ਕੱਪਾਂ ਦੀ ਇਨਾਮੀ ਰਾਸ਼ੀ ਲੈਣ ਲਈ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪੈਂਦਾ ਸੀ। ਵਰਲਡ ਕਬੱਡੀ ਕੱਪ ਸਮੇਂ ਐਸੋਸੀਐਸ਼ਨ ਦੇ ਪ੍ਰਧਾਨ ਰਹੇ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਵਿਧਾਇਕ ਘਨੌਰ ਨੇ ਵਿਧਾਨ ਸਭਾ ਵਰਗੇ ਪਵਿੱਤਰ ਸਦਨ ’ਚ ਸ਼ਰੇਆਮ ਝੂਠ ਬੋਲਿਆ ਹੈ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਜੇਤੂ ਟੀਮ ਦੇ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿਚ ਕਦੇ ਵੀ ਦੇਰੀ ਨਹੀਂ ਹੋਈ ਅਤੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਸਮੇ ਸਿਰ ਮਿਲਦੀ ਰਹੀ ਅਤੇ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਸਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਦਮ ਨਾਲ ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ-ਸਨਮਾਨ ਮਿਲਿਆ ਉਥੇ ਹੀ ਪੰਜਾਬ ਦੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਮਿਲੀਆਂ। ਉਨ੍ਹਾਂ ਕਿਹਾ ਕੇ 2016 ਵਿਚ ਹੋਏ ਕਬੱਡੀ ਕੱਪ ਕਬੱਡੀ ਦੀ ਇਨਾਮੀ ਰਾਸ਼ੀ ਲਈ ਸੂਬੇ ਵਿਚ 2017 ਤੋਂ ਬਾਅਦ ਸੱਤਾ ਬਦਲਣ ਕਾਰਨ ਖਿਡਾਰੀਆਂ ਨੂੰ ਅਦਾਲਤ ’ਚ ਜਾਣਾ ਪਿਆ ਸੀ 2016 ਵਾਲੇ ਕਬੱਡੀ ਕੱਪ ਦੀ ਇਨਾਮੀ ਰਾਸ਼ੀ ਵਿਚ ਦੇਰੀ ਲਈ ਕਾਂਗਰਸ ਸਰਕਾਰ ਦੋਸ਼ੀ ਸੀ ਨਾਂ ਕਿ ਸ੍ਰੋਮਣੀ ਅਕਾਲੀ ਦਲ, ਉਨ੍ਹਾਂ ਕਿਹਾ ਕਿ ਗੁਰਲਾਲ ਘਨੌਰ ਤੇ ਹੋਰ ਕਿੰਨੇ ਹੀ ਕਬੱਡੀ ਖਿਡਾਰੀ ਬੇਸ਼ੱਕ ਉਹ ਚੰਗੇ ਖਿਡਾਰੀ ਸਨ ਪਰ ਉਹ ਅੱਜ ਜਿਸ ਮੁਕਾਮ ਤੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਕਬੱਡੀ ਕੱਪ ਕਾਰਨ ਹੀ ਹਨ, ਪਰ ਸੱਤਾ ਦੇ ਨਸ਼ੇ ਵਿਚ ਅੱਜ ਵਿਧਾਇਕ ਘਨੌਰ ਸ਼੍ਰੋਮਣੀ ਅਕਾਲੀ ਦਲ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਾ ਰਿਹਾ ਹੈ, ਜਦ ਕਿ ਉਸ ਨੇ ਕਾਂਗਰਸ ਦਾ ਨਾਮ ਤਕ ਨਹੀਂ ਲਿਆ। ਜਿਸ ਦੀ ਸਰਕਾਰ ਸਮੇਂ 2016 ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਕਬੱਡੀ ਕੱਪ ਦੀ ਇਨਾਮੀ ਰਾਸ਼ੀ ਖਿਡਾਰੀਆਂ ਨੂੰ ਅੱਜ ਤਕ ਨਹੀਂ ਮਿਲੀ।