ਐਥਲੈਟਿਕ ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
45ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਪੀਅਨਸ਼ਿਪ ਦੌਰਾਨ ਅੰਮ੍ਰਿਤ ਪਿਆਰੇ ਲਾਲ ਗਰਗ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ
Publish Date: Sun, 15 Mar 2026 04:58 PM (IST)
Updated Date: Mon, 16 Mar 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ. ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚੱਲ ਰਹੀ 45ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਪੀਅਨਸ਼ਿਪ 2026 ਦੌਰਾਨ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤ ਪਿਆਰੇ ਲਾਲ ਗਰਗ ਨੇ ਖਾਸ ਤੌਰ ‘ਤੇ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਦਾ ਹੌਸਲਾ ਵਧਾਇਆ। ਤਿੰਨ ਦਿਨਾਂ ਤਕ ਚੱਲਣ ਵਾਲੀ ਇਸ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 35 ਸਾਲ ਤੋਂ ਲੈ ਕੇ 90 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਮਹਿਲਾ ਖਿਡਾਰੀ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ।
ਇਸ ਐਥਲੈਟਿਕ ਚੈਂਪੀਅਨਸ਼ਿਪ ਚ ਲਗਭਗ 12 ਸਟੇਟਾਂ ਦੇ ਅਥਲੀਟਾਂ ਨੇ ਭਾਗ ਲਿਆ ਹੈ। ਇਸ ਮੌਕੇ ਅੰਮ੍ਰਿਤ ਪਿਆਰੇ ਲਾਲ ਗਰਗ ਨੇ ਮੈਦਾਨ ਵਿੱਚ ਪਹੁੰਚ ਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਦਿੰਦੀਆਂ, ਸਗੋਂ ਮਨੁੱਖ ਵਿੱਚ ਅਨੁਸ਼ਾਸਨ, ਹੌਸਲਾ ਅਤੇ ਜਿੱਤ ਦੀ ਲਗਨ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਮਰ ਕਿਸੇ ਵੀ ਵਿਅਕਤੀ ਲਈ ਰੁਕਾਵਟ ਨਹੀਂ ਬਣਦੀ ਜੇਕਰ ਉਸਦੇ ਅੰਦਰ ਜਜ਼ਬਾ ਅਤੇ ਹੌਸਲਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਲਈ ਹੋਰ ਵੀ ਵੱਧ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਹੈਪੀ ਸੰਧੂ ਠੇਕੇਦਾਰ ਜੀਵਨ ਸਿੰਘ ਵਾਲੇ, ਬਲਵਿੰਦਰ ਸਿੰਘ ਬਹਿਣੀਵਾਲ ਪ੍ਰਧਾਨ ਮਿਲਖਾ ਸਿੰਘ ਵੈਟਰਨ ਐਥਲੈਟਿਕ ਕਲੱਬ ਬਠਿੰਡਾ, ਸਤਨਾਮ ਸਿੰਘ, ਡਾ. ਰਵੀ ਗਹਿਲਾਵਤ ਅਤੇ ਗੁਰਦੀਪ ਸਿੰਘ ਬਹਿਣੀਵਾਲ ਵੀ ਮੌਜੂਦ ਸਨ, ਜਿਨ੍ਹਾਂ ਨੇ ਵੀ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ।