ਧੀਆਂ-ਭੈਣਾਂ ਨੂੰ 1000 ਰੁਪਏ ਦੇਣ ਦਾ ਐਲਾਨ ਸਿਰਫ਼ ਚੋਣ ਸਟੰਟ : ਬਾਂਸਲ
ਧੀਆਂ-ਭੈਣਾਂ ਨੂੰ 1000 ਰੁਪਏ ਦੇਣ ਦਾ ਐਲਾਨ ਸਿਰਫ਼
Publish Date: Sun, 15 Mar 2026 04:56 PM (IST)
Updated Date: Mon, 16 Mar 2026 04:07 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪੰਜਾਬ ਸਰਕਾਰ ਵੱਲੋਂ ਧੀਆਂ-ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ’ਤੇ ਸਮਾਜ ਸੇਵੀ ਓਮ ਪ੍ਰਕਾਸ਼ ਬਾਂਸਲ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਇਕ ਤਰ੍ਹਾਂ ਦਾ ਮਜ਼ਾਕ ਹੈ ਅਤੇ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਓਮ ਪ੍ਰਕਾਸ਼ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਧੀਆਂ-ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜੇ ਇਹ ਸਕੀਮ ਸ਼ੁਰੂ ਤੋਂ ਲਾਗੂ ਕੀਤੀ ਜਾਂਦੀ ਤਾਂ ਹੁਣ ਤੱਕ ਹਰ ਔਰਤ ਨੂੰ ਲਗਭਗ 48 ਹਜ਼ਾਰ ਰੁਪਏ ਮਿਲਣੇ ਚਾਹੀਦੇ ਸਨ, ਪਰ ਹੁਣ ਚੋਣਾਂ ਨੇੜੇ ਆਉਣ ’ਤੇ ਇਸ ਦਾ ਐਲਾਨ ਕਰਨਾ ਸਿਰਫ਼ ਇਕ ਸਿਆਸੀ ਸਟੰਟ ਲੱਗਦਾ ਹੈ। ਬਾਂਸਲ ਨੇ ਦੋਸ਼ ਲਾਇਆ ਕਿ ਸਰਕਾਰ ਇਸ਼ਤਿਹਾਰਬਾਜ਼ੀ ਰਾਹੀਂ ਪਿਛਲੇ ਚਾਰ ਸਾਲਾਂ ਦੀ ਅਸਫਲਤਾ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਖੇਤਰ ਵਿਚ ਫੇਲ੍ਹ ਸਾਬਤ ਹੋਈ ਹੈ ਅਤੇ ਸੂਬੇ ਦੀ ਕਾਨੂੰਨ-ਵਿਵਸਥਾ ਵੀ ਡਗਮਗਾਈ ਹੋਈ ਦਿਖਾਈ ਦੇ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਚੁਟਕਲਿਆਂ ਅਤੇ ਗੋਲਮੋਲ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਣਗੇ। ਪੰਜਾਬ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਤੇ ਭਵਿੱਖੀ ਚੋਣਾਂ ਵਿਚ ‘ਆਪ’ ਨੂੰ ਇਸ ਦਾ ਜਵਾਬ ਮਿਲੇਗਾ।