- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਕਟ ਵੇਲੇ ਲਾਲਚੀ ਲੋਕ ਸਮਾਨ ਦੀ ਕਰ ਲੈਂਦੇ ਨੇ ਜਮਾਂਖੋਰੀ, ਕਈ ਥਾਵਾਂ ’ਤੇ ਸਿਲੰਡਰ ਬਲੈਕ ’ਚ ਵੇਚੇ ਜਾਣ ਦੇ ਦੋਸ਼

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜਦੋਂ ਵੀ ਕਿਸੇ ਤਰ੍ਹਾਂ ਦੀ ਆਫ਼ਤ ਜਾਂ ਸੰਕਟ ਦੀ ਸਥਿਤੀ ਬਣਦੀ ਹੈ ਤਾਂ ਕੁਝ ਲਾਲਚੀ ਤੱਤ ਮੌਕੇ ਦਾ ਫਾਇਦਾ ਚੁੱਕਦੇ ਹੋਏ ਜ਼ਰੂਰੀ ਵਸਤਾਂ ਦੀ ਜਮਾਂਖੋਰੀ ਕਰਕੇ ਉਨ੍ਹਾਂ ਨੂੰ ਬਲੈਕ ’ਚ ਮਹਿੰਗੇ ਭਾਅ ’ਤੇ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਵੀ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਜੰਗੀ ਤਣਾਅ ਦੇ ਮਾਹੌਲ ਵਿਚ ਅਜਿਹੀਆਂ ਹੀ ਸਥਿਤੀਆਂ ਸਾਹਮਣੇ ਆਉਣ ਲੱਗੀਆਂ ਹਨ। ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇ ਦੌਰਾਨ ਬਲੈਕ ਮਾਰਕੀਟਿੰਗ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਅਨੁਸਾਰ ਕੁਝ ਲੋਕ ਗੈਸ ਸਿਲੰਡਰਾਂ ਦੀ ਜਮਾਂਖੋਰੀ ਕਰਕੇ ਉਨ੍ਹਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਵਧੇਰੇ ਕੀਮਤ ’ਤੇ ਵੇਚ ਰਹੇ ਹਨ। ਆਮ ਤੌਰ ‘ਤੇ ਨਿਰਧਾਰਤ ਕੀਮਤ ’ਤੇ ਮਿਲਣ ਵਾਲੇ ਸਿਲੰਡਰਾਂ ਲਈ ਲੋਕਾਂ ਨੂੰ ਕਈ ਥਾਵਾਂ ‘ਤੇ ਵਾਧੂ ਪੈਸੇ ਦੇਣੇ ਪੈ ਰਹੇ ਹਨ। ਇਸ ਕਾਰਨ ਆਮ ਉਪਭੋਗਤਾਵਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਤਣਾਅ ਜਾਂ ਸੰਕਟ ਪੈਦਾ ਹੁੰਦਾ ਹੈ ਤਾਂ ਕੁਝ ਲੋਕ ਤੁਰੰਤ ਜ਼ਰੂਰੀ ਵਸਤਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਬਾਅਦ ’ਚ ਇਹੀ ਵਸਤਾਂ ਬਲੈਕ ਵਿੱਚ ਉੱਚੀ ਕੀਮਤ ’ਤੇ ਵੇਚੀਆਂ ਜਾਂਦੀਆਂ ਹਨ, ਜਿਸ ਨਾਲ ਆਮ ਲੋਕਾਂ ‘ਤੇ ਵਿੱਤੀ ਬੋਝ ਵੱਧ ਜਾਂਦਾ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਅਜਿਹਾ ਹੀ ਮਾਹੌਲ ਬਣਿਆ ਸੀ। ਉਸ ਸਮੇਂ ਦਵਾਈਆਂ, ਆਕਸੀਜਨ ਸਿਲੰਡਰਾਂ ਅਤੇ ਹੋਰ ਜ਼ਰੂਰੀ ਸਮਾਨ ਦੀ ਕਮੀ ਦੌਰਾਨ ਬਲੈਕ ਮਾਰਕੀਟਿੰਗ ਦੇ ਕਈ ਮਾਮਲੇ ਸਾਹਮਣੇ ਆਏ ਸਨ। ਉਸ ਵੇਲੇ ਵੀ ਪ੍ਰਸ਼ਾਸਨ ਨੂੰ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਕਈ ਥਾਵਾਂ ’ਤੇ ਸਖ਼ਤ ਕਾਰਵਾਈ ਕਰਨੀ ਪਈ ਸੀ। ਇਸ ਮਾਮਲੇ ‘ਚ ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਕਿ ਸਪਲਾਈ ਉੱਪਰਲੇ ਪੱਧਰ ਤੋਂ ਪ੍ਰਭਾਵਿਤ ਹੋਣ ਕਾਰਨ ਦਿੱਕਤ ਆ ਰਹੀ ਹੈ। ਜਿਵੇਂ ਹੀ ਸਪਲਾਈ ਸਧਾਰਨ ਹੋਵੇਗੀ, ਉਪਭੋਗਤਾਵਾਂ ਨੂੰ ਰਾਹਤ ਮਿਲ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਹਟ ਵਿਚ ਲੋੜ ਤੋਂ ਵੱਧ ਸਿਲੰਡਰ ਇਕੱਠੇ ਨਾ ਕਰਨ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜੇਕਰ ਕਿਸੇ ਵੀ ਥਾਂ ‘ਤੇ ਬਲੈਕ ਮਾਰਕੀਟਿੰਗ ਜਾਂ ਜਮ੍ਹਾਂਖੋਰੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-ਬਾਕਸ-
ਖਾੜੀ ਦੇਸ਼ਾਂ ਵਿਚ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਦਾ ਅਸਰ ਹੁਣ ਸਥਾਨਕ ਪੱਧਰ ’ਤੇ ਵੀ ਦਿਖਾਈ ਦੇਣ ਲੱਗਾ ਹੈ। ਜ਼ਿਲ੍ਹੇ ਅੰਦਰ ਕਮਰਸ਼ੀਅਲ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸੰਕਟ ਦੇ ਹਾਲਾਤ ਬਣ ਗਏ ਹਨ। ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਸਿਲੰਡਰ ਲੈਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਉਪਭੋਗਤਾਵਾਂ ਨੂੰ ਘੰਟਿਆਂ ਇੰਤਜ਼ਾਰ ਕਰਨ ਦੇ ਬਾਵਜੂਦ ਸਿਲੰਡਰ ਨਹੀਂ ਮਿਲ ਰਹੇ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਮੰਗ ਅਚਾਨਕ ਵੱਧ ਗਈ ਹੈ, ਜਦਕਿ ਸਪਲਾਈ ਪਹਿਲਾਂ ਦੇ ਮੁਕਾਬਲੇ ਘੱਟ ਆ ਰਹੀ ਹੈ। ਇਸ ਕਾਰਨ ਗੈਸ ਏਜੰਸੀਆਂ ‘ਤੇ ਦਬਾਅ ਵਧ ਗਿਆ ਹੈ। ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਉਹ ਸਵੇਰੇ ਤੋਂ ਲਾਈਨ ਵਿੱਚ ਖੜੇ ਹਨ, ਪਰ ਫਿਰ ਵੀ ਸਿਲੰਡਰ ਨਹੀਂ ਮਿਲ ਰਿਹਾ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਰਸੋਈ ਲਈ ਗੈਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਮਹਿਲਾਵਾਂ ਨੇ ਦੱਸਿਆ ਕਿ ਜੇਕਰ ਸਮੇਂ ‘ਤੇ ਗੈਸ ਸਿਲੰਡਰ ਨਾ ਮਿਲੇ ਤਾਂ ਰੋਜ਼ਾਨਾ ਦਾ ਕੰਮਕਾਜ ਪ੍ਰਭਾਵਿਤ ਹੋ ਜਾਂਦਾ ਹੈ। ਕੁਝ ਘਰਾਂ ਵਿੱਚ ਲੋਕਾਂ ਨੂੰ ਵੱਖ-ਵੱਖ ਵਿਕਲਪ ਲੱਭਣੇ ਪੈ ਰਹੇ ਹਨ। ਦੂਜੇ ਪਾਸੇ ਕਮਰਸ਼ੀਅਲ ਗੈਸ ਦੀ ਕਮੀ ਕਾਰਨ ਹੋਟਲਾਂ, ਢਾਬਿਆਂ ਅਤੇ ਛੋਟੇ ਖਾਣ-ਪੀਣ ਦੇ ਕਾਰੋਬਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਆਹ ਸਮਾਗਮਾਂ ਅਤੇ ਹੋਰ ਸਮਾਰੋਹਾਂ ਦੇ ਮੌਸਮ ਵਿਚ ਇਹ ਸੰਕਟ ਕਾਰੋਬਾਰ ‘ਤੇ ਅਸਰ ਪਾ ਰਿਹਾ ਹੈ। ਕਈ ਹੋਟਲ ਮਾਲਕਾਂ ਨੇ ਦੱਸਿਆ ਕਿ ਜੇਕਰ ਗੈਸ ਦੀ ਸਪਲਾਈ ਜਲਦੀ ਸਧਾਰਨ ਨਾ ਹੋਈ ਤਾਂ ਉਨ੍ਹਾਂ ਨੂੰ ਕਾਰੋਬਾਰ ਚਲਾਉਣ ਵਿੱਚ ਵੱਡੀ ਦਿੱਕਤ ਆ ਸਕਦੀ ਹੈ। ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਬਲੈਕ ਮਾਰਕਿਟਿੰਗ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।