- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾਵਾਂ ਨੂੰ ਮਹੀਨਾ ਵਾਰ ਮਾਨ ਭੱਤਾ ਦੇਣ ਵਾਲੇ ਬਜਟ ‘ਤੇ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ

-ਮੇਅਰ ਮਹਿਤਾ ਦੀ ਅਗਵਾਈ ’ਚ ਔਰਤਾਂ ਨੇ ਢੋਲ ਦੀ ਥਾਪ 'ਤੇ ਪਾਇਆ ਗਿੱਧਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਵਿੱਚ 1,000 ਅਤੇ 1,500 ਰੁਪਏ ਦੇ ਮਹੀਨਾਵਾਰ ਮਾਣਭੱਤੇ ਪ੍ਰਦਾਨ ਕਰਨ ਵਾਲਾ ਬਜਟ ਪਾਸ ਕਰਨ ਦੀ ਖੁਸ਼ੀ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਜਸ਼ਨ ਮਨਾਇਆ। ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਹਜ਼ਾਰਾਂ ਔਰਤਾਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਲਈ ਆਈ ਲਵ ਬਠਿੰਡਾ ਪਾਰਕ ਵਿਖੇ ਇਕੱਠੀਆਂ ਹੋਈਆਂ। ਸਮਾਗਮ ਦੌਰਾਨ ਔਰਤਾਂ ਉਤਸ਼ਾਹ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਜ਼ਿੰਦਾਬਾਦ, ਭਗਵੰਤ ਸਿੰਘ ਮਾਨ ਜ਼ਿੰਦਾਬਾਦ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਜ਼ਿੰਦਾਬਾਦ ਵਰਗੇ ਨਾਅਰੇ ਲਗਾਉਂਦੇ ਹੋਏ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਸਮਾਗਮ ਦੌਰਾਨ ਔਰਤਾਂ ਨੇ ਢੋਲ ਦੀ ਤਾਲ 'ਤੇ ਰਵਾਇਤੀ ਪੰਜਾਬੀ ਲੋਕ ਨਾਚ, ਗਿੱਧਾ ਪੇਸ਼ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਲੈ ਕੇ ਸਰਕਾਰ ਦੇ ਇਸ ਫੈਸਲੇ ਨੂੰ ਔਰਤਾਂ ਦੇ ਸਤਿਕਾਰ ਅਤੇ ਸਸ਼ਕਤੀਕਰਨ ਵੱਲ ਇਕ ਇਤਿਹਾਸਕ ਕਦਮ ਵਜੋਂ ਸਵਾਗਤ ਕੀਤਾ।
ਇਸ ਮੌਕੇ ਇੱਕ ਵਿਸ਼ਾਲ ਜਾਗੋ ਵੀ ਕੱਢੀ ਗਈ। ਇਹ ਜਾਗੋ “ਆਈ ਲਵ ਬਠਿੰਡਾ ਪਾਰਕ” ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ, ਹਸਪਤਾਲ ਬਾਜ਼ਾਰ ਅਤੇ ਮਾਲ ਰੋਡ ਤੋਂ ਹੁੰਦੀ ਹੋਈ ਆਈ ਲਵ ਬਠਿੰਡਾ ਪਾਰਕ ਪਹੁੰਚੀ। ਰਸਤੇ ਵਿੱਚ ਔਰਤਾਂ ਨੇ ਨੱਚ ਟੱਪ ਕੇ ਅਤੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਤਿਕਾਰ ਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਹੀਨਾਵਾਰ ਮਾਣਭੱਤਾ ਦੇਣ ਦਾ ਫੈਸਲਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਰਾਹਤ ਅਤੇ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਜਨਹਿੱਤ ਵਾਲੇ ਫੈਸਲੇ ਲਏ ਜਾਂਦੇ ਰਹਿਣਗੇ। ਪ੍ਰੋਗਰਾਮ ਦੇ ਅੰਤ ਵਿੱਚ ਮੌਜੂਦ ਔਰਤਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਪਹਿਲਕਦਮੀ ਨੂੰ ਇਤਿਹਾਸਕ ਦੱਸਿਆ। ਇਸ ਮੌਕੇ, ਔਰਤਾਂ ਨੇ ਇੱਕ ਦੂਜੇ ਨੂੰ ਲੱਡੂ ਵੀ ਵੰਡੇ। ਇਸ ਦੌਰਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸਾਰੇ ਅਹੁਦੇਦਾਰ, ਸਾਰੇ ਚੇਅਰਮੈਨ, ਸਾਰੇ ਕੌਂਸਲਰ, 'ਆਪ' ਆਗੂ ਸਮੇਤ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਟੀਮ ਦੇ ਸਾਰੇ ਮੈਂਬਰ ਮੌਜੂਦ ਸਨ।