ਮੋਗਾ ਰੈਲੀ ਨੇ ਸੂਬੇ ’ਚ ਨਵਾਂ ਸਿਆਸੀ ਰਾਹ ਖੋਲ੍ਹਿਆ : ਗੁਰਪ੍ਰੀਤ ਮਲੂਕਾ
ਮੋਗਾ ਰੈਲੀ ਨੇ ਪੰਜਾਬ ਅੰਦਰ ਨਵਾਂ ਸਿਆਸੀ ਰਾਹ ਖੋਲ੍ਹਿਆ: ਗੁਰਪ੍ਰੀਤ ਮਲੂਕਾ
Publish Date: Sat, 14 Mar 2026 05:52 PM (IST)
Updated Date: Sun, 15 Mar 2026 04:07 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਕੀਤੀ ਗਈ ਰੈਲੀ ਦੀ ਸਫ਼ਲਤਾ ‘ਤੇ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਹੋਈ ਇਹ ਰੈਲੀ ਇਕੱਠ ਦੇ ਪੱਖੋਂ ਇਤਿਹਾਸਕ ਰਹੀ ਹੈ ਅਤੇ ਇਸ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਸੰਦੇਸ਼ ਦਿੱਤਾ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਮੋਗਾ ਰੈਲੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ, ਸਮਰਥਕਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਭਾਜਪਾ ਪ੍ਰਤੀ ਲੋਕਾਂ ਦਾ ਭਰੋਸਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਆਏ ਭਾਰੀ ਇਕੱਠ ਨੇ ਸੂਬੇ ਦੀ ਰਾਜਨੀਤੀ ਨੂੰ ਨਵਾਂ ਰੁਖ ਦਿੱਤਾ ਹੈ ਅਤੇ ਭਵਿੱਖ ’ਚ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੋੜ ਸਾਬਤ ਹੋਵੇਗੀ। ਮਲੂਕਾ ਨੇ ਕਿਹਾ ਕਿ ਰੈਲੀ ਦੀ ਸਫ਼ਲਤਾ ਲਈ ਪਾਰਟੀ ਦੇ ਹਰ ਵਰਕਰ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤਕ ਵਰਕਰਾਂ ਨੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਇਸ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਕਾਰਨ ਹੀ ਪਾਰਟੀ ਨੂੰ ਜਨਤਾ ਦਾ ਸਹਿਯੋਗ ਮਿਲਦਾ ਹੈ। ਮੋਗਾ ਰੈਲੀ ਦੌਰਾਨ ਲੋਕਾਂ ਵਿੱਚ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਕੰਮਕਾਜ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਰੈਲੀ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਵਿਕਾਸ ਅਤੇ ਸਥਿਰਤਾ ਦੀ ਰਾਜਨੀਤੀ ਚਾਹੁੰਦੇ ਹਨ। ਮਲੂਕਾ ਨੇ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਪਾਰਟੀ ਪੰਜਾਬ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਰਹੇਗੀ। ਮੋਗਾ ਰੈਲੀ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਹੋਰ ਵਧੇਗੀ।