ਨਗਰ ਕੌਂਸਲ ਰਾਮਾਂ ਨੇ ਸਫ਼ਾਈ ਮੁਲਾਜ਼ਮਾਂ ਦੀ ਸਿਹਤ ਜਾਂਚ ਕਰਵਾਈ
ਨਗਰ ਕੌਂਸਲ ਰਾਮਾਂ ਵੱਲੋਂ ਸਫਾਈ ਕਰਮਚਾਰੀਆਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ
Publish Date: Sat, 14 Mar 2026 05:32 PM (IST)
Updated Date: Sun, 15 Mar 2026 04:07 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਮੌਕੇ ‘ਤੇ ਨਗਰ ਕੌਂਸਲ ਰਾਮਾਂ ਦੇ ਵਿਸ਼ੇਸ਼ ਅਨੁਰੋਧ ਅਤੇ ਯਤਨਾਂ ਸਦਕਾ ਸਿਵਲ ਹਸਪਤਾਲ ਰਾਮਾਂ ਮੰਡੀ ਵੱਲੋਂ ਮਹਿਲਾ ਸਫਾਈ ਮੁਲਾਜ਼ਮਾਂ ਦੀ ਸਿਹਤ ਦੀ ਸੰਭਾਲ ਲਈ ਇੱਕ ਵਿਸ਼ੇਸ਼ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮਹਿਲਾ ਸਫਾਈ ਕਰਮਚਾਰੀਆਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਜਰੂਰੀ ਸਲਾਹਾਂ ਅਤੇ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਕੈਂਪ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਸਤਪਾਲ ਸਿੰਘ ਅਤੇ ਮੈਡੀਕਲ ਅਫਸਰ ਡਾ. ਸ਼ਿਵਾਲੀ ਗੋਇਲ ਦੀ ਅਗਵਾਈ ਹੇਠ ਮਹਿਲਾ ਕਰਮਚਾਰੀਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਰੈਂਡਮ ਬਲੱਡ ਸ਼ੂਗਰ, ਸੀਬੀਸੀ ਟੈਸਟ, ਵਜ਼ਨ, ਨਬਜ਼ ਸਮੇਤ ਹੋਰ ਆਮ ਸਿਹਤ ਸੰਬੰਧੀ ਟੈਸਟ ਕੀਤੇ ਗਏ ਤਾਂ ਜੋ ਉਨ੍ਹਾਂ ਦੀ ਸਿਹਤ ਦੀ ਪੂਰੀ ਤਸਵੀਰ ਸਾਹਮਣੇ ਆ ਸਕੇ। ਜਾਂਚ ਦੌਰਾਨ ਕੁਝ ਸਫਾਈ ਮੁਲਾਜ਼ਮਾਂ ਵਿੱਚ ਅਨੀਮੀਆ (ਖੂਨ ਦੀ ਕਮੀ), ਉੱਚ ਰਕਤਚਾਪ ਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੀ ਪਛਾਣ ਹੋਈ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੁਝ ਮਰੀਜ਼ਾਂ ਨੂੰ, ਜਿਨ੍ਹਾਂ ਨੂੰ ਹੋਰ ਵਿਸ਼ੇਸ਼ ਇਲਾਜ ਜਾਂ ਸਰਜਰੀ ਦੀ ਲੋੜ ਸੀ, ਉਨ੍ਹਾਂ ਨੂੰ ਅਗਲੇ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਨੂੰ ਨਿੱਜੀ ਸਫਾਈ ਬਣਾਈ ਰੱਖਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਿਤ ਕਸਰਤ ਕਰਨ ਅਤੇ ਸੰਤੁਲਿਤ ਖ਼ੁਰਾਕ ਲੈਣ ਬਾਰੇ ਵੀ ਜਾਗਰੂਕ ਕੀਤ। ਨਾਲ ਹੀ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਸਮੇਤ ਵੱਖ-ਵੱਖ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਉਹ ਕਿਵੇਂ ਇਨ੍ਹਾਂ ਯੋਜਨਾਵਾਂ ਤਹਿਤ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈ ਸਕਦੀਆਂ ਹਨ। ਕੈਂਪ ਦੌਰਾਨ ਸਟਾਫ ਨਰਸ ਹਿੰਦਰਾਜ ਕੌਰ, ਵਾਰਡ ਅਟੈਂਡੈਂਟ ਦੇਵਰਾਜ ਅਤੇ ਸਫਾਈ ਸੇਵਕ ਸੁਖਪ੍ਰੀਤ ਕੌਰ ਵੱਲੋਂ ਵੀ ਮਹੱਤਵਪੂਰਨ ਸਹਿਯੋਗ ਦਿੱਤਾ ਗਿਆ। ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਵਰਿੰਦਰ ਕੁਮਾਰ, ਐਸਆਈ. ਤੇਜਿੰਦਰ ਕੌਰ, ਸੁਪਰਵਾਈਜ਼ਰ ਨੀਤੂ ਰਾਣੀ ਅਤੇ ਪ੍ਰੇਰਕ ਨਿਸ਼ਾ ਰਾਣੀ ਵੀ ਮੌਜੂਦ ਰਹੇ। ਉਨ੍ਹਾਂ ਵੱਲੋਂ ਸਫਾਈ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਰਾਮਾਂ ਤੱਕ ਪਹੁੰਚਾਉਣ ਅਤੇ ਕੈਂਪ ਦੀ ਸਫਲ ਆਯੋਜਨਾ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਮਹਿਲਾ ਸਫਾਈ ਕਰਮਚਾਰੀਆਂ ਨੇ ਸਿਵਲ ਹਸਪਤਾਲ ਦੀ ਟੀਮ ਤੇ ਨਗਰ ਕੌਂਸਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਉਨ੍ਹਾਂ ਦੀ ਸਿਹਤ ਦੀ ਸੰਭਾਲ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।