ਸਿਹਤ ਵਿਭਾਗ ਨੇ ਮਨਾਇਆ ‘ਵਿਸ਼ਵ ਗਲੂਕੋਮਾ ਹਫ਼ਤਾ’
ਸਮੇਂ ਸਿਰ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ ਸੰਭਵ - ਡਾਕਟਰ ਤਪਿੰਦਰਜੋਤ ਕੌਸ਼ਲ
Publish Date: Sat, 14 Mar 2026 05:16 PM (IST)
Updated Date: Sun, 15 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਿਵਲ ਸਰਜਨ ਡਾਕਟਰ ਤਪਿੰਦਰਜੋਤ ਕੌਸਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਬਠਿੰਡਾ ਵੱਲੋਂ “ਵਿਸ਼ਵ ਗਲੂਕੋਮਾ ਜਾਗਰੂਕਤਾ ਹਫਤਾ” ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਿਵਲ ਹਸਪਤਾਲ ਬਠਿੰਡਾ ਵਿਖੇ “ਵਿਸ਼ਵ ਗਲੋਕੋਮਾ ਹਫ਼ਤੇ” ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ 8 ਤੋਂ 14 ਮਾਰਚ ਤਕ ਕਰਵਾਏ ਜਾਣ ਵਾਲੇ ਇਸ ਵਿਸ਼ੇਸ਼ ਹਫ਼ਤੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਸਿਹਤ ਸੰਭਾਲ ਬਾਰੇ ਦੱਸਿਆ ਜਾ ਰਿਹਾ ਹੈ। ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਮੁੱਖ ਕਾਰਨ ਹੈ। ਕਾਲੇ ਮੋਤੀਏ ਦੇ ਲੱਛਣਾਂ ’ਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ’ਚ ਦਰਦ ਤੇ ਲਾਲੀ ਨਾਲ ਨਜ਼ਰ ਦਾ ਅਚਾਨਕ ਘਟਨਾ, ਨਿਗ੍ਹਾ ਦਾ ਸੀਮਤ ਹੋਣਾ ਆਦਿ ਸ਼ਾਮਲ ਹਨ। ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ ਸੰਭਵ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ ਨੇ ਜਾਣਕਾਰੀ ਦਿੱਤੀ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਇੱਕ ਵਾਰ ਆਪਣੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਮੇ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗਲੂਕੋਮਾ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ, ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕਾਲੇ ਮੋਤੀਏ ਤੋਂ ਪੀੜਤ ਹੋਵੇ ਜਾਂ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਵੇ। ਇਸ ਤੋਂ ਇਲਾਵਾ ਐਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਵਧੇਰੇ ਸਟੀਰਾਇਡ ਦਵਾਈਆਂ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ। ਇਸ ਮੌਕੇ ਡਾ. ਸ਼ਿਵਾਂਗੀ ਗਰਗ, ਡਾ. ਸ਼ਵੇਤਾ, ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ, ਬਲਾਕ ਐਜੂਕੇਟਰ ਗਗਨ ਭੁੱਲਰ, ਰੁਪਾਲੀ ਅਪਥੈਲਮਿਕ ਅਫ਼ਸਰ ਤੇ ਮੁਕੇਸ਼ ਹਾਜ਼ਰ ਸਨ।