ਭਾਕਿਯੂ ਉਗਰਾਹਾਂ ਦੀ ਅਗਵਾਈ ’ਚ ਭਾਰਤ ਮਾਲਾ ਸੜਕ ਦਾ ਕੰਮ ਰੋਕਿਆ
ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਭਾਰਤ ਮਾਲਾ ਸੜਕ ਦਾ ਕੰਮ ਰੋਕਿਆ
Publish Date: Sat, 14 Mar 2026 05:13 PM (IST)
Updated Date: Sun, 15 Mar 2026 04:04 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਹਲਕੇ ਦੇ ਤਿੰਨ ਪਿੰਡਾਂ ਦੁੱਨੇਵਾਲਾ ਭਗਵਾਨਗੜ੍ਹ ਸ਼ੇਰਗੜ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸਹਿਯੋਗ ਨਾਲ ਭਾਰਤ ਮਾਲਾ ਸੜਕ ’ਤੇ ਧਰਨਾ ਲਾ ਕੇ ਕੰਮ ਰੋਕਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਰਤ ਮਾਲਾ ਸੜਕ ਲਈ ਅਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਸਰਕਾਰ ਨੇ ਬਹੁਤ ਘੱਟ ਪਾਇਆ ਹੈ, ਜਿਸ ਕਾਰਨ ਰੋਸ ਵਜੋਂ ਕਿਸਾਨਾਂ ਨੇ ਇਹ ਕਾਰਵਾਈ ਕੀਤੀ ਹੈ। ਤਕਰੀਬਨ ਸਵਾ ਸਾਲ ਪਹਿਲਾਂ ਚੱਲਦੇ ਸੰਘਰਸ਼ ਵਿੱਚ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਇਕਾਈ ਨਾਲ ਸਮਝੌਤਾ ਕੀਤਾ ਸੀ ਕਿ ਅਕਵਾਇਰ ਕੀਤੀ ਗਈ ਜ਼ਮੀਨ ਦਾ 10 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਿਖਤੀ ਸਮਝੌਤੇ ਵਿਚ ਇਹ ਤੈਅ ਕੀਤਾ ਗਿਆ ਸੀ ਕਿ ਸਰਕਾਰ ਪਹਿਲਾਂ ਖਾਤਿਆਂ ਵਿੱਚ ਪੈਸੇ ਪਾ ਕੇ ਫਿਰ ਕੰਮ ਚਲਾਉਣ ਦਾ ਕਿਹਾ ਸੀ, ਪਰ ਮਿੱਟੀ ਪਾਉਣ ਦਾ ਕੰਮ ਤਾਂ ਤਕਰੀਬਨ ਮੁਕੰਮਲ ਹੋ ਗਿਆ ਹੈ। ਪੁਲ ਤੇ ਪੁਲੀਆਂ ਦਾ ਕੰਮ ਮਾੜਾ ਮੋਟਾ ਰਹਿ ਗਿਆ ਹੈ ਅਤੇ ਪੱਥਰ ਪਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ ਤਾਂ ਕਰਕੇ ਕਿਸਾਨਾਂ ਨੂੰ ਫਿਕਰ ਪੈ ਗਿਆ ਹੈ ਕਿ ਹੋ ਸਕਦਾ ਹੈ ਸਰਕਾਰ ਖਾਤਿਆਂ ਵਿਚ ਪੈਸੇ ਨਾ ਪਾਵੇ। ਇਸ ਲਈ ਕਿਸਾਨਾਂ ਨੇ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰਕੇ ਦੁਬਾਰਾ ਤੋਂ ਕੰਮ ਰੋਕਿਆ ਹੈ। ਕਿਸਾਨਾਂ ਨੇ ਕਿਹਾ ਕਿ ਘੱਟੋ ਘੱਟ 10 ਵਾਰ ਬੱਲੂਆਣਾ ਟੋਲ ਪਲਾਜ਼ਾ ਤੇ ਬਣੇ ਐਨਐਚਏ ਦੇ ਦਫ਼ਤਰ ਜਾਂ ਕੇ ਪੈਸੇ ਉਨ੍ਹਾਂ ਦੇ ਖਾਤਿਆਂ ਵਿਚ ਪਾਉਣ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਲਾਰਿਆ ਤੋਂ ਬਿਨਾਂ ਕਿਸਾਨਾਂ ਪੱਲੇ ਕੱਖ ਨਹੀਂ ਪਿਆ ਤਾਂ ਕਰਕੇ ਹੀ ਕਿਸਾਨਾਂ ਨੇ ਦੁਬਾਰਾ ਤੋਂ ਕੰਮ ਰੋਕਣ ਦਾ ਫੈਸਲਾ ਲਿਆ ਹੈ।