ਨਗਰ ਨਿਗਮ ਨੇ ਖਾਲੀ ਕਰਵਾਈ ਦੁਕਾਨ
ਸਾਲਾਂ ਪੁਰਾਣੇ ਕੇਸ ਵਿਚ ਨਿਗਮ ਨੇ ਖਾਲੀ ਕਰਵਾਈ ਦੁਕਾਨ
Publish Date: Fri, 13 Mar 2026 08:19 PM (IST)
Updated Date: Sat, 14 Mar 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਨਗਰ ਨਿਗਮ ਬਠਿੰਡਾ ਨੇ ਸ਼ੁੱਕਰਵਾਰ ਨੂੰ ਮਾਲ ਰੋਡ ’ਤੇ ਬਿਜਲੀ ਨਿਗਮ ਦੇ ਦਫ਼ਤਰ ਦੇ ਨਾਲ ਬਣੀ ਇਕ ਦੁਕਾਨ ਕਬਜ਼ਾਧਾਰੀਆਂ ਤੋਂ ਖਾਲੀ ਕਰਵਾ ਲਈ। ਇਸ ਦੁਕਾਨ ਅਤੇ ਨਾਲ ਲੱਗਦੇ ਮਕਾਨ ਨੂੰ ਲੈ ਕੇ ਨਗਰ ਨਿਗਮ ਅਤੇ ਕਬਜ਼ਾਧਾਰੀਆਂ ਵਿਚਕਾਰ ਕਈ ਸਾਲਾਂ ਤੋਂ ਅਦਾਲਤ ਵਿਚ ਮਾਮਲਾ ਚੱਲ ਰਿਹਾ ਸੀ। ਹਾਲ ਹੀ ਵਿਚ ਅਦਾਲਤ ਨੇ ਨਿਗਮ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਬਜ਼ਾ ਦਿਵਾਉਣ ਦੇ ਹੁਕਮ ਜਾਰੀ ਕੀਤੇ ਸਨ। ਸ਼ੁੱਕਰਵਾਰ ਨੂੰ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੁਕਾਨ ਨੂੰ ਖਾਲੀ ਕਰਵਾ ਕੇ ਅੰਦਰ ਪਿਆ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਦੇ ਨਾਲ ਹੀ ਨਾਲ ਲੱਗਦੇ ਮਕਾਨ ਨੂੰ ਵੀ ਖਾਲੀ ਕਰਨ ਲਈ ਕਬਜ਼ਾਧਾਰੀਆਂ ਨੂੰ ਹੁਕਮ ਦਿੱਤੇ ਗਏ ਹਨ। ਕਬਜ਼ਾਧਾਰੀ ਪਰਿਵਾਰ ਨੇ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਸਮਾਨ ਹਟਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੋਟਿਸ ਜਾਂ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਟੀਮ ਉਸ ਵੇਲੇ ਮੌਕੇ ’ਤੇ ਪਹੁੰਚੀ ਜਦੋਂ ਘਰ ਵਿੱਚ ਸਿਰਫ਼ ਇਕ ਮਹਿਲਾ ਮੌਜੂਦ ਸੀ। ਪਰਿਵਾਰ ਦੀ ਮੈਂਬਰ ਸ਼ਿਲਪੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਰੀਬ ਨੱਬੇ ਸਾਲਾਂ ਤੋਂ ਇਸ ਥਾਂ ’ਤੇ ਰਹਿ ਰਿਹਾ ਹੈ ਅਤੇ 1977 ਤੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਮਨੁੱਖਤਾ ਦੇ ਆਧਾਰ ’ਤੇ ਪਹਿਲਾਂ ਸੂਚਨਾ ਦੇ ਕੇ ਕੁਝ ਸਮਾਂ ਦੇਣਾ ਚਾਹੀਦਾ ਸੀ ਤਾਂ ਜੋ ਉਹ ਕੋਈ ਪ੍ਰਬੰਧ ਕਰ ਸਕਦੇ। ਦੂਜੇ ਪਾਸੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੇ ਬਾਅਦ ਹੀ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਹੀ ਪੱਖਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਇਸ ਲਈ ਪ੍ਰਸ਼ਾਸਨ ਵੱਲੋਂ ਵੱਖਰਾ ਨੋਟਿਸ ਜਾਰੀ ਨਹੀਂ ਕੀਤਾ ਗਿਆ। ਫਿਲਹਾਲ ਦੁਕਾਨ ਖਾਲੀ ਕਰਵਾ ਲਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਾਲ ਲੱਗਦੇ ਰਿਹਾਇਸ਼ੀ ਮਕਾਨ ਨੂੰ ਵੀ ਖਾਲੀ ਕਰਵਾਇਆ ਜਾਵੇਗਾ।