ਲੋਕ ਅਦਾਲਤ ਤੇ ਬਾਲ ਅਨੁਕੂਲ ਸੇਵਾਵਾਂ ਬਾਰੇ ਕਰਵਾਇਆ ਸੈਮੀਨਾਰ
ਭਾਈਰੂਪਾ ਵਿਖੇ ਲੋਕ ਅਦਾਲਤ ਅਤੇ ਬਾਲ ਅਨੁਕੂਲ ਸੇਵਾਵਾ ਬਾਰੇ ਸੈਮੀਨਾਰ ਕਰਵਾਇਆ
Publish Date: Fri, 13 Mar 2026 07:22 PM (IST)
Updated Date: Sat, 14 Mar 2026 04:13 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈਰੂਪਾ : ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਰਹਿਨੁਮਾਈ ਹੇਠ ਅਤੇ ਸੀਜੇਐੱਮ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਨਗਰ ਪੰਚਾਇਤ ਭਾਈ ਰੂਪਾ, ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬੱਸ ਸਟੈਂਡ, ਅਨਾਜ ਮੰਡੀ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਜਾਗਰੂਕ ਸੈਮੀਨਾਰ ਕਰਵਾਏ ਗਏ। ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ-ਲੀਗਲ ਵਲੰਟੀਅਰ ਰਾਮ ਸਰੂਪ ਸਿੰਘ ਸਿੱਧੂ ਕਲਿਆਣ ਨੇ ਸੈਮੀਨਾਰ ਦੌਰਾਨ ਚਾਇਲਡ ਟਰੈਂਡਲੀ ਲਿਵਲ ਸਰਵਿਸ, ਪੋਕਸੋ ਐਕਟ, ਆਸ਼ਾ ਯੂਨਿਟ ਤੇ ਬਾਲ ਵਿਆਹ ਖਿਲਾਫ ਚਲ ਰਹੀਆਂ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੇ ਦਿਸ਼ਾ-ਨਿਰਦੇਸ਼ ਵਿਚ, ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹਾ ਅਦਾਲਤ ਬਠਿੰਡਾ, ਸਿਵਲ ਅਦਾਲਤ ਫੂਲ ਅਤੇ ਤਲਵੰਡੀ ਸਾਬੋ ਵਿਚ 14 ਮਾਰਚ ਨੂੰ ਕੌਮੀ ਲੋਕ ਅਦਾਲਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਲੋਕ ਅਦਾਲਤ ਵਿੱਚ ਹੋਏ ਫੈਸਲੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਸਮੇਂ ‘ਤੇ ਪੈਸੇ ਦੀ ਬੱਚਤ ਵੀ ਕਰਵਾਉਂਦੇ ਹਨ। ਕੌਮੀ ਲੋਕ ਅਦਾਲਤ ਵਿੱਚ ਸਾਰੇ ਸਿਵਲ ਅਤੇ ਕੰਪਾਊਂਡੇਬਲ ਕੇਸ ਸੁਣੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਦਾ ਉਦੇਸ਼ ਲੋਕਾਂ ਨੂੰ ਜਲਦ ਨਿਆਂ ਪ੍ਰਦਾਨ ਕਰਨਾ ਹੈ ਅਤੇ ਫੈਸਲੇ ਦੋਵਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਹੁੰਦੇ ਹਨ, ਜੋ ਭਵਿੱਖ ਵਿਚ ਚੈਲੰਜ ਨਹੀਂ ਕੀਤੇ ਜਾ ਸਕਦੇ। ਸੈਮੀਨਾਰ ਦੌਰਾਨ ਭਾਈ ਰੂਪਾ ਨਗਰ ਪੰਚਾਇਤ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ, ਮੱਲ ਸਿੰਘ ਐਮਸੀ, ਛਿੰਦਾ ਸਿੰਘ ਮੰਡੇਰ ਸਰਪੰਚ ਕਾਲੇਬਾਗ, ਸਤਿਨਾਮ ਸਿੰਘ ਮੈਂਬਰ ਪੰਚ ਕਾਲੇ ਬਾਗ ਅਤੇ ਰਾਮਪ੍ਰੀਤ ਸਿੰਘ ਰੰਮੀ ਹਾਜ਼ਰ ਸਨ। ਪ੍ਰਿੰਸੀਪਲ ਭਾਈ ਰੂਪ ਚੰਦ ਜੀ ਸਕੂਲ ਵੱਲੋਂ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਉਪਰਾਲੇ ਦੀ ਭਾਰੀ ਸਲਾਹਿਆ ਕੀਤੀ ਗਈ।