ਮੁਫ਼ਤ ਯੋਗ ਕਲਾਸਾਂ ਨਾਲ ਲੋਕਾਂ ਦੀ ਸਿਹਤ ’ਚ ਹੋਇਆ ਸੁਧਾਰ
ਮੁਫ਼ਤ ਯੋਗ ਕਲਾਸਾਂ ਨਾਲ ਲੋਕਾਂ ਦੀ ਸਿਹਤ ਵਿਚ ਹੋ ਰਿਹੈ ਸੁਧਾਰ
Publish Date: Fri, 13 Mar 2026 06:20 PM (IST)
Updated Date: Sat, 14 Mar 2026 04:10 AM (IST)
-ਜ਼ਿਲ੍ਹੇ ਭਰ ’ਚ ਹਰ ਰੋਜ਼ ਲਗਾਈਆਂ ਜਾ ਰਹੀਆਂ 327 ਯੋਗ ਕਲਾਸਾਂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ ਪੰਜਾਬ ਦੇ ਵਿਜ਼ਨ ਤਹਿਤ ਸ਼ੁਰੂ ਕੀਤੀ ਗਈ ਸੀਐਮ ਦੀ ਯੋਗਸ਼ਾਲਾ ਮੁਹਿੰਮ ਲੋਕਾਂ ਨੂੰ ਤੰਦਰੁਸਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰ ਰਹੀ ਹੈ। ਇਸ ਤਹਿਤ ਜ਼ਿਲ੍ਹੇ ਵਿਚ ਮੁਫ਼ਤ ਯੋਗਾ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ। ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 11 ਵਿਚ ਵੀ ਹਰ ਰੋਜ਼ ਸਵੇਰੇ 10:30 ਤੋਂ 11:30 ਵਜੇ ਤਕ ਯੋਗਾ ਟ੍ਰੇਨਰ ਹਰਸ਼ ਸ਼ਰਮਾ ਦੀ ਅਗਵਾਈ ਹੇਠ ਯੋਗ ਕਲਾਸ ਲਗਾਈ ਜਾਂਦੀ ਹੈ, ਜਿਸ ਵਿਚ ਇਲਾਕੇ ਦੇ ਵਾਸੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਯੋਗਾ ਕਲਾਸ ਨਾਲ ਜੁੜੇ ਮੈਂਬਰ ਕਿਰਨ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਿਯਮਿਤ ਤੌਰ ’ਤੇ ਯੋਗ ਕਰ ਰਹੇ ਹਨ। ਉਨ੍ਹਾਂ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਸਰਵਾਈਕਲ ਅਤੇ ਗੋਡਿਆਂ ਦੀ ਸਮੱਸਿਆ ਰਹਿੰਦੀ ਸੀ, ਪਰ ਯੋਗਾ ਕਰਨ ਨਾਲ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ। ਇਸ ਦੌਰਾਨ ਕਜਲੀ ਗਰਗ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਕਮਰ ਦਰਦ ਦੀ ਸਮੱਸਿਆ ਨਾਲ ਪ੍ਰੇਸ਼ਾਨ ਸਨ, ਪਰ ਜਦੋਂ ਤੋਂ ਉਨ੍ਹਾਂ ਨੇ ਯੋਗ ਕਰਨਾ ਸ਼ੁਰੂ ਕੀਤਾ ਹੈ, ਦਰਦ ਵਿੱਚ ਕਾਫ਼ੀ ਆਰਾਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਯੋਗ ਕਰਨ ਨਾਲ ਸਰੀਰ ਹੀ ਨਹੀਂ, ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਅਤੇ ਜੀਵਨਸ਼ੈਲੀ ਹੋਰ ਸਿਹਤਮੰਦ ਬਣਦੀ ਹੈ। ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਇਸ ਵੇਲੇ ਕੁੱਲ 327 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਲੋਕ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਸਿਹਤਮੰਦ ਪੰਜਾਬ ਦੀ ਲਹਿਰ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਲੋਕਾਂ ਨੂੰ ਯੋਗ ਨਾਲ ਜੋੜ ਕੇ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਨਾਲ ਜੁੜਨ ਲਈ ਟੋਲ ਫਰੀ ਨੰਬਰ 76694-00500 ਜਾਂ ਵੈਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।