ਨਸ਼ਿਆਂ ਦੇ ਸੌਦਾਗਰਾਂ ਨੂੰ ਨਹੀਂ ਬਖ਼ਸ਼ਾਂਗੇ : ਐੱਸਐੱਚਓ
ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ: ਐਸਐਚਓ
Publish Date: Fri, 13 Mar 2026 06:07 PM (IST)
Updated Date: Sat, 14 Mar 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ੍, ਰਾਮਪੁਰਾ ਫੂਲ
ਪੁਲਿਸ ਆਮ ਲੋਕਾਂ ਦੀ ਸਹਾਇਤਾ ਲਈ ਹੁੰਦੀ ਹੈ ਅਤੇ ਪੁਲਿਸ ਵਿਭਾਗ ਆਪਣੇ ਇਸ ਕਰਤੱਵ ਦੀ ਪਾਲਣਾ ਲਈ ਹਮੇਸ਼ਾ ਵਚਨਬੱਧ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨਵੇਂ ਆਏ ਥਾਣਾ ਬਾਲਿਆਂਵਾਲੀ ਦੇ ਮੁੱਖੀ ਫਰਵਿੰਦਰ ਸਿੰਘ ਨੇ ਕੀਤਾ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਤੇ ਐਸਐਸਪੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਕੇ ਵਿਚ ਅਮਨ-ਸ਼ਾਂਤੀ, ਭਾਈਚਾਰਾ ਬਣਾਈ ਰੱਖਣਾ ਅਤੇ ਚਿੱਟੇ ਜਾਂ ਕਿਸੇ ਹੋਰ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਇਸ ਦੌਰਾਨ ਉਨ੍ਹਾਂ ਨਸ਼ੇ ਕਰਨ ਦੇ ਕਾਰਨਾਂ, ਨਸਿਆਂ ਦੇ ਪੈਂਦੇ ਮਾਰੂ ਪ੍ਰਭਾਵਾਂ ਅਤੇ ਨਸ਼ਾ ਵੇਚਣ ਵਾਲਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਛੋਟੀ ਉਮਰੇ ਹੀ ਔਰਤਾਂ ਵਿਧਵਾ ਹੋ ਰਹੀਆਂ ਹਨ ਅਤੇ ਘਰਾਂ ਵਿਚ ਕਲੇਸ਼ ਦਾ ਕਾਰਨ ਵੀ ਨਸ਼ਾ ਹੀ ਹੈ ਜੋ ਘਰ ਦੇ ਘਰ ਬਰਬਾਦ ਕਰ ਰਿਹਾ ਹੈ। ਨਸ਼ੇ ਦੇ ਆਦੀ ਲੋਕ ਚੋਰੀਆਂ ਜਾਂ ਹੋਰ ਜੁਰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਸੋ ਵਿਹਲਾਪਨ ਦੂਰ ਕਰਨ ਲਈ ਪੜ੍ਹਾਈ, ਖੇਡਾਂ ਜਾਂ ਹੋਰ ਧੰਦਿਆਂ ‘ਚ ਰੁਚੀ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਲਪੇਟ ਵਿਚ ਆਏ ਵਿਅਕਤੀ ਦੀ ਮਦਦ ਕਰਨ ਅਤੇ ਨਸ਼ੇ ਦੇ ਵਪਾਰੀਆਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ੇ ਵੇਚਣ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਉਨਾਂ ਚਿੱਟੇ ਦੇ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਤਸਕਰੀ ਬੰਦ ਕਰ ਦੇਣ ਨਹੀਂ ਤਾਂ ਜੇਲ ਜਾਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਅਤੇ ਅਮਨ-ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਗੁੰਡਾ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਵਿਚ ਉਹ ਖੇਤਰ ਦੀਆਂ ਪੰਚਾਇਤਾਂ, ਇਲਾਕੇ ਦੇ ਮੋਹਤਬਰਾਂ ਅਤੇ ਕਲੱਬਾਂ ਦੇ ਨੁਮਾਂਇੰਦਿਆਂ ਨਾਲ ਮੀਟਿੰਗਾਂ ਕਰਕੇ ਕਾਨੂੰਨ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਵਿਚਾਰ ਚਰਚਾ ਕਰਨਗੇ।