ਰਿਫਾਇਨਰੀ ਦੇ ਵਰਕਰਾਂ ਨੂੰ ਮੁੱਢਲੀ ਮਦਦ ਦੀ ਸਿਖਲਾਈ
ਰਿਫਾਇਨਰੀ ਦੇ ਵਰਕਰਾਂ ਨੂੰ ਦਿੱਤੀ ਮੁੱਢਲੀ ਸਹਾਇਤਾ ਦੀ ਸਿਖਲਾਈ
Publish Date: Fri, 13 Mar 2026 05:51 PM (IST)
Updated Date: Sat, 14 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਚਐੱਮਈਐੱਲ ਵੱਲੋਂ ਫੁੱਲੋਖਾਰੀ ਵਿਖੇ ਸੰਚਾਲਿਤ ਕੀਤੀ ਜਾ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਰਿਫਾਇਨਰੀ ਦੇ ਕਾਮਿਆਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਪ੍ਰਦਾਨ ਕਰਨ ਲਈ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੇਂਟ ਜੌਹਨ ਐਂਬੂਲੈਂਸ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਨੀਆ ਨੇ ਮੁਲਾਜ਼ਮਾਂ ਨੂੰ ਸਿਖਲਾਈ ਪ੍ਰਦਾਨ ਕੀਤੀ। ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਟ੍ਰੇਨਰ ਪਠਾਨੀਆ ਨੇ ਕਿਹਾ ਕਿ ਮੁੱਢਲੀ ਸਹਾਇਤਾ ਦੀ ਸਿਖਲਾਈ ਪ੍ਰਾਪਤ ਕਰਕੇ ਅਸੀਂ ਕਿਸੇ ਵੀ ਹਾਦਸਾ ਪੀੜਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਪ੍ਰਦਾਨ ਕਰ ਸਕਦੇ ਹਾਂ ਅਤੇ ਉਸਦਾ ਜੀਵਨ ਬਚਾ ਸਕਦੇ ਹਾਂ। ਪਠਾਨੀਆ ਅਤੇ ਟੀਮ ਮੈਂਬਰ ਸੰਦੀਪ ਕੁਮਾਰ ਨੇ ਵਰਕਰਾਂ ਨੂੰ ਬੇਹੋਸ਼ੀ, ਸੱਪ ਦੇ ਕੱਟਣ, ਗਰਮੀ ਦੇ ਦੌਰੇ, ਫ੍ਰੈਕਚਰ, ਜਲਣ, ਖੂਨ ਵਹਿਣ, ਦੌਰੇ ਤੇ ਜ਼ਹਿਰ ਦੇ ਮਾਮਲਿਆਂ ਲਈ ਮੁੱਢਲੀ ਸਹਾਇਤਾ ਬਾਰੇ ਸਿਖਲਾਈ ਦਿੱਤੀ। ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਕਿਹਾ ਕਿ ਫੈਕਟਰੀ ਵਰਕਰਾਂ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਸਕੂਲੀ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਆਮ ਲੋਕਾਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਵੀ ਪ੍ਰਦਾਨ ਕਰਦੀ ਹੈ। ਰਿਫਾਇਨਰੀ ਅਧਿਕਾਰੀ ਅਸ਼ੋਕ ਸਵੈਨ ਨੇ ਰੈੱਡ ਕਰਾਸ ਸੁਸਾਇਟੀ ਦੀ ਟੀਮ ਦਾ ਮੁੱਢਲੀ ਸਹਾਇਤਾ ਦੀ ਸਿਖਲਾਈ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਣਕਾਰੀ ਦੀ ਵਰਤੋਂ ਕਿਸੇ ਵੀ ਵਿਅਕਤੀ ਦੀ ਮਦਦ ਲਈ ਕਰਨ।