ਪ੍ਰਧਾਨ ਬਲਵਿੰਦਰ ਸਿੰਘ ਨੂੰ ਅਹੁਦੇ ਤੋਂ ਕੀਤਾ ਲਾਂਭੇ
ਸਰਕਲ ਚਾਉਕੇ ਦੇ ਪ੍ਰਧਾਨ ਬਲਵਿੰਦਰ ਸਿੰਘ ਮੰਡੀ ਕਲਾਂ ਨੂੰ ਅਹੁਦੇ ਤੋਂ ਕੀਤਾ ਲਾਂਭੇ
Publish Date: Fri, 13 Mar 2026 05:46 PM (IST)
Updated Date: Sat, 14 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਰਕਲ ਚਾਉਕੇ ਦੇ ਪ੍ਰਧਾਨ ਅਤੇ ਮੌਜੂਦਾ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਵਾਸੀ ਮੰਡੀ ਕਲਾਂ ਨੂੰ ਸਰਕਲ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਪਾਰਟੀ ਹੈ ਅਤੇ ਇਸਦਾ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਲੰਬੇ ਸਮੇਂ ਤੱਕ ਜੇਲ੍ਹਾਂ ਕੱਟੀਆਂ ਹਨ। ਜਗਸੀਰ ਸਿੰਘ ਕਲਿਆਣ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਆਪਣੀ ਵਿਚਾਰਧਾਰਾ ਤੇ ਸਿਧਾਂਤਾਂ ‘ਤੇ ਮਜ਼ਬੂਤੀ ਨਾਲ ਕਾਇਮ ਹੈ ਅਤੇ ਜੋ ਵੀ ਵਿਅਕਤੀ ਪਾਰਟੀ ਦੇ ਅਨੁਸ਼ਾਸਨ ਜਾਂ ਸਿਧਾਂਤਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਲ ਚਾਉਕੇ ਦੇ ਪ੍ਰਧਾਨ ਬਲਵਿੰਦਰ ਸਿੰਘ ਮੰਡੀ ਕਲਾਂ ਵਿਰੁੱਧ ਪਾਰਟੀ ਕੋਲ ਕਈ ਗੰਭੀਰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਸਰਕਲ ਪ੍ਰਧਾਨ ਦੇ ਅਹੁਦੇ ਤੋਂ ਫ਼ਾਰਗ ਕਰਨ ਦਾ ਫ਼ੈਸਲਾ ਕੀਤਾ ਹੈ।