ਮੋਗਾ ਰੈਲੀ ਲਈ ਲੋਕਾਂ ‘ਚ ਭਾਰੀ ਉਤਸ਼ਾਹ-ਗੁਰਪ੍ਰੀਤ ਮਲੂਕਾ
ਬਠਿੰਡਾ ਦਿਹਾਤੀ ਤੋਂ 110 ਬੱਸਾਂ ਦਾ ਕਾਫ਼ਲਾ ਹੋਵੇਗਾ ਰਵਾਨਾ
Publish Date: Fri, 13 Mar 2026 05:36 PM (IST)
Updated Date: Sat, 14 Mar 2026 04:07 AM (IST)
-ਬਠਿੰਡਾ ਦਿਹਾਤੀ ਤੋਂ 110 ਬੱਸਾਂ ਦਾ ਕਾਫ਼ਲਾ ਹੋਵੇਗਾ ਰਵਾਨਾ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ-
ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੀਤੀ ਜਾਣ 14 ਮਾਰਚ ਦੀ ਮੋਗਾ ਰੈਲੀ ਨੂੰ ਲੈ ਕੇ ਜਿੱਥੇ ਸੂਬੇ ਦੇ ਭਾਜਪਾ ਆਗੂ ਪੂਰੀ ਤਰ੍ਹਾਂ ਤਿਆਰ ਹਨ, ਉਥੇ ਹੀ ਆਮ ਲੋਕਾਂ ਵਿਚ ਵੀ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਦਾਅਵਾ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਦਿਹਾਤੀ ਨੇ ਕੀਤਾ। ਮੋਗਾ ਰੈਲੀ ਦੀਆਂ ਤਿਆਰੀਆਂ ਸਬੰਧੀ ਗੱਲ ਕਰਦਿਆਂ ਕੀਤਾ ਮਲੂਕਾ ਨੇ ਕਿਹਾ ਕਿ ਮੌੜ ਮੰਡੀ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਤੋਂ ਤਕਰੀਬਨ 110 ਬੱਸਾਂ ਅਤੇ ਸੈਂਕੜੇ ਨਿੱਜੀ ਵਾਹਨਾਂ ਦਾ ਕਾਫ਼ਲਾ ਰੈਲੀ ਲਈ ਰਵਾਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਮੁੱਚੀ ਭਾਜਪਾ ਇਕਜੁੱਟ ਹੋ ਕੇ ਰੈਲੀ ਦੀਆਂ ਤਿਆਰੀਆਂ ’ਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ, ਰਾਮਪੁਰਾ ਫੂਲ ਅਤੇ ਮੌੜ ਮੰਡੀ ਦੇ ਪਿੰਡਾਂ ਵਿਚ ਬੂਥ ਪੱਧਰ ’ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਭਾਜਪਾ ਦੇ ਜਰਨਲ ਸਕੱਤਰ, ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ, ਸਰਕਲ ਪ੍ਰਧਾਨ ਅਤੇ ਬੂਥ ਪੱਧਰ ਦੇ ਅਹੁਦੇਦਾਰਾਂ ਨੇ ਰੈਲੀ ਨੂੰ ਸਫਲ ਬਣਾਉਣ ਲਈ ਲਗਾਤਾਰ ਨੁੱਕੜ ਮੀਟਿੰਗਾਂ ਕੀਤੀਆਂ ਹਨ। ਲੋਕਾਂ ਨਾਲ ਸੰਪਰਕ ਕਰਨ ਲਈ ਘਰ ਘਰ ਤੱਕ ਵੀ ਪਹੁੰਚ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿੱਖ ਪੰਥ ਅਤੇ ਪੰਜਾਬ ਪੱਖੀ ਸੋਚ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਦੇ ਲੋਕ ਸਾਰੀਆਂ ਰਾਜਨੀਤਕ ਧਿਰਾਂ ਨੂੰ ਅਜਮਾ ਚੁੱਕੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਭਾਜਪਾ ਸ਼ਾਸਿਤ ਰਾਜਾਂ ਵਿਚ ਹੋ ਰਹੇ ਵਿਕਾਸ ਨੂੰ ਵੇਖਦਿਆਂ ਭਾਜਪਾ ਦੇ ਹੱਕ ਵਿਚ ਲਾਮਬੰਦ ਹੋ ਰਹੇ ਹਨ, ਆਮ ਲੋਕਾਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਮੁਹਾਰੇ ਰੈਲੀ ’ਚ ਸ਼ਮੂਲੀਅਤ ਕਰਨ ਜਾ ਰਹੇ ਹਨ। ਮਲੂਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਵਪਾਰੀਆਂ ਤੋਂ ਇਲਾਵਾ ਹਰ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣਾ ਚਾਹੁੰਦੀ ਹੈ, ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਭਾਜਪਾ ਦਾ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਰੈਲੀ ਦੌਰਾਨ ਭਾਜਪਾ ਦੇ ਪੰਜਾਬ ਏਜੰਡੇ ਨੂੰ ਅੱਗੇ ਵਧਾਉਣਗੇ।
ਇਸ ਮੌਕੇ ਭਾਜਪਾ ਆਗੂ ਮੇਜਰ ਸਿੰਘ ਬਰਾੜ, ਚੰਦਨ ਕਾਂਤ, ਵਿਵੇਕ ਗਰਗ ਯੁਵਾ ਮੋਰਚਾ, ਜਸਪ੍ਰੀਤ ਜੱਸਾ ਭੁੱਚੋ, ਬੂਟਾ ਭਾਈ ਰੂਪਾ, ਜਗਸੀਰ ਸਿੰਘ, ਗੁਰਜੀਤ ਸਿੰਘ, ਗੋਰਾ ਦਿਉਣ, ਮਨਦੀਪ ਸ਼ਰਮਾ ਮਲੂਕਾ, ਜੋਗਿੰਦਰ ਸਿੰਗਲਾ, ਮੋਹਿਤ ਕੋਹਲੀ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਿਰ ਸਨ।