ਅਧਿਆਪਕਾਂ ‘ਤੇ ਜਬਰ ਖ਼ਿਲਾਫ਼ ਖੇਤ ਮਜ਼ਦੂਰਾਂ ਵੱਲੋਂ ਨਿਖੇਧੀ
ਅਧਿਆਪਕਾਂ ‘ਤੇ ਜ਼ਬਰ ਦੇ ਖਿਲਾਫ ਖੇਤ ਮਜ਼ਦੂਰ ਯੂਨੀਅਨ ਨੇ ਕੀਤੀ ਨਿਖੇਧੀ
Publish Date: Fri, 13 Mar 2026 05:32 PM (IST)
Updated Date: Sat, 14 Mar 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਾਨਤਾ ਪ੍ਰਾਪਤ ਡਿਗਰੀਆਂ ਵਾਲੇ ਅਧਿਆਪਕਾਂ ‘ਤੇ ਟੈਟ ਪਾਸ ਕਰਨ ਦੀ ਨਿਹੱਕੀ ਸ਼ਰਤ ਲਗਾਉਣ ਨੂੰ ਸਿਆਸੀ ਅਤੇ ਲੋਕ ਵਿਰੋਧੀ ਕਦਮ ਕਰਾਰ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਅਧਿਆਪਕਾਂ ਤੇ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੇਜ ਬੌਛਾਰਾਂ ਮਾਰਨ ਵਾਲੀ ਕਾਰਵਾਈ ਤਾਨਾਸ਼ਾਹੀ ਕਦਮ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੋ ਅਧਿਆਪਕ ਪੀਐਚਡੀ ਡਿਗਰੀ ਹਾਸਲ ਕਰ ਚੁੱਕੇ ਹਨ, ਉਨ੍ਹਾਂ ਨੂੰ ਟੈਟ ਪਾਸ ਕਰਨ ਬਾਰੇ ਕਹਿਣਾ, ਉਨ੍ਹਾਂ ਦੀ ਯੋਗਤਾ ‘ਤੇ ਸਵਾਲ ਖੜ੍ਹਾ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਪੱਕੇ ਮੁਲਾਜ਼ਮਾਂ ਦੀ ਛਾਂਟੀ ਕਰਨ ਲਈ ਵੱਖ-ਵੱਖ ਬਹਾਨੇ ਬਣਾ ਰਹੀ ਹੈ ਅਤੇ ਠੇਕਾ ਨੀਤੀ ਨੂੰ ਤੇਜ਼ ਕਰ ਰਹੀ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਅਧਿਆਪਕਾਂ ‘ਤੇ ਲਗਾਈ ਗਈ ਨਿਹੱਕੀ ਸ਼ਰਤ ਨਾਲ ਉਨ੍ਹਾਂ ਦੀ ਨੌਕਰੀ ’ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰਨਾਂ ਵਿਭਾਗਾਂ ਦੇ ਪੱਕੇ ਮੁਲਾਜ਼ਮਾਂ ‘ਤੇ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਸਕਦੇ ਹਨ। ਇਸ ਲਈ ਇਸ ਸੰਘਰਸ਼ ਨੂੰ ਸਿਰਫ਼ ਅਧਿਆਪਕਾਂ ਤਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਮੂਹ ਮੁਲਾਜ਼ਮ ਵਰਗ ਨੂੰ ਇਸਦੇ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ। ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਅਧਿਆਪਕਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਵਿਧਾਨ ਸਭਾ ਵੱਲ ਮਾਰਚ ਦੀ ਪ੍ਰਵਾਨਗੀ ਦੇ ਕੇ ਗੱਲਬਾਤ ਰਾਹੀਂ ਟੈਟ ਦੀ ਨਿਹੱਕੀ ਸ਼ਰਤ ਖਤਮ ਕਰਨ ਦਾ ਢੁਕਵਾਂ ਹੱਲ ਕੱਢ ਸਕਦੀ ਸੀ। ਇਸਦੇ ਬਾਵਜੂਦ ਸਰਕਾਰ ਕਿਸੇ ਵੀ ਤਬਕੇ ਪ੍ਰਤੀ ਸੁਹਿਰਦ ਨਹੀਂ ਹੈ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਔਰਤਾਂ ‘ਤੇ ਜ਼ਬਰ ਦਬਾਉਣ ਦੀ ਨੀਤੀ ਅਮਲ ਵਿਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਰੁਜ਼ਗਾਰ ਘਟਾਉਣ, ਕਿਸਾਨਾਂ ਤੋਂ ਜ਼ਮੀਨ ਹਥਿਆਉਣ ਅਤੇ ਲੋਕਾਂ ਤੋਂ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਸੇਵਾਵਾਂ ਖੋਹਣ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।