ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਤੇ ਕੰਪਿਊਟਰ ਕੋਰਸ ਸ਼ੁਰੂ
ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਸ਼ੁਰੂ
Publish Date: Fri, 13 Mar 2026 04:50 PM (IST)
Updated Date: Sat, 14 Mar 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ ਦੇ ਅਧੀਨ ਚੱਲ ਰਹੇ ਦਫ਼ਤਰ ਸੁਪਰਿੰਟੈਂਡੈਂਟ ਵੋਕੇਸ਼ਨਲ ਰੀਹੈਬਿਲੀਟੇਸ਼ਨ ਸੈਂਟਰ, ਰੈੱਡ ਕਰਾਸ ਬਿਲਡਿੰਗ ਨੇੜੇ ਸਰਕਾਰੀ ਹਸਪਤਾਲ, ਬਠਿੰਡਾ ਵੱਲੋਂ ਦਿਵਿਆਂਗ ਬੱਚਿਆਂ ਦੀ ਭਲਾਈ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਸਿਲਾਈ-ਕਢਾਈ ਤੇ ਕੰਪਿਊਟਰ ਕੋਰਸ ਕਰਵਾਏ ਜਾਣਗੇ। ਡੀਸੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਡੀਸੀ ਨੇ ਦੱਸਿਆ ਕਿ ਇਹ ਕੋਰਸ ਇਕ ਸਾਲ ਦੀ ਮਿਆਦ ਦੇ ਹੋਣਗੇ ਅਤੇ ਇਨ੍ਹਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 2000 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਦਿਵਿਆਂਗ ਬੱਚਿਆਂ ਨੂੰ ਹੁਨਰਮੰਦ ਬਣਾਕੇ ਉਨ੍ਹਾਂ ਨੂੰ ਖ਼ੁਦ ਮੁਖਤਿਆਰ ਬਣਾਉਣਾ ਹੈ ਤਾਂ ਜੋ ਉਹ ਆਪਣੀ ਯੋਗਤਾ ਦੇ ਆਧਾਰ ’ਤੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਖੇਤਰ ’ਚ ਰੁਜ਼ਗਾਰ ਪ੍ਰਾਪਤ ਕਰ ਸਕਣ। ਇਨ੍ਹਾਂ ਕੋਰਸਾਂ ਦੀਆਂ ਕਲਾਸਾਂ ਅਪ੍ਰੈਲ 2026 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ, ਜਿਸ ਦੇ ਆਧਾਰ ’ਤੇ ਉਹ ਅੱਗੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣਗੇ। ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਦਿਵਿਆਂਗ ਮੁੰਡੇ ਤੇ ਕੁੜੀਆਂ ਦੀ ਉਮਰ 18 ਤੋਂ 40 ਸਾਲ ਹੋਣੀ ਲਾਜ਼ਮੀ ਹੈ। ਕੰਪਿਊਟਰ ਕੋਰਸ ਲਈ ਘੱਟੋ-ਘੱਟ ਯੋਗਤਾ ਮੈਟ੍ਰਿਕ ਪਾਸ ਹੋਵੇਗੀ, ਜਦਕਿ ਸਿਲਾਈ-ਕਢਾਈ ਕੋਰਸ ਲਈ ਪੰਜਵੀਂ ਪਾਸ ਯੋਗਤਾ ਨਿਰਧਾਰਤ ਕੀਤੀ ਗਈ ਹੈ। ਦਿਵਿਆਂਗਤਾ ਘੱਟੋ-ਘੱਟ 40 ਫ਼ੀਸਦੀ ਹੋਣੀ ਚਾਹੀਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9876603786 ਅਤੇ 82838-86812 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਈਮੇਲ ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।