ਫੌਜੀ ਦੇ ਪਿਤਾ ਨੂੰ ਪੌੜੀਆਂ ਤੋਂ ਧੱਕਾ ਦੇਣ ਦਾ ਦੋਸ਼
ਫੌਜੀ ਦੇ ਪਿਤਾ ਨੂੰ ਪੌੜੀਆਂ ਤੋਂ ਧੱਕਾ ਦੇਣ ਦਾ ਦੋਸ਼, ਰੀੜ੍ਹ ਦੀ ਹੱਡੀ ’ਤੇ ਲੱਗੀਆਂ ਗੰਭੀਰ ਸੱਟਾਂ
Publish Date: Thu, 12 Mar 2026 06:56 PM (IST)
Updated Date: Thu, 12 Mar 2026 07:00 PM (IST)

- ਰੀੜ੍ਹ ਦੀ ਹੱਡੀ ’ਤੇ ਲੱਗੀਆਂ ਗੰਭੀਰ ਸੱਟਾਂ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਵਿਚ ਪੁਲਿਸ ਕਰਮਚਾਰੀਆਂ ’ਤੇ ਇੱਕ ਫੌਜੀ ਜਵਾਨ ਦੇ ਪਿਤਾ ਨੂੰ ਪੌੜੀਆਂ ਤੋਂ ਧੱਕਾ ਦੇਣ ਦਾ ਗੰਭੀਰ ਦੋਸ਼ ਲੱਗਾ ਹੈ। ਇਸ ਘਟਨਾ ਵਿਚ ਜ਼ਖ਼ਮੀ ਵਿਅਕਤੀ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਬਠਿੰਡਾ ਦੇ ਸੈਨਿਕ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਸਬੰਧੀ ਅਰੁਣਾਚਲ ਪ੍ਰਦੇਸ਼ ਵਿਚ ਤਇਨਾਤ ਫੌਜੀ ਜਵਾਨ ਲਵਜੀਤ ਸਿੰਘ ਨੇ ਬਠਿੰਡਾ ਦੀ ਐੱਸਐੱਸਪੀ ਨੂੰ ਮਿਲ ਕੇ ਮੁਲਜ਼ਮ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲਵਜੀਤ ਸਿੰਘ ਮੁਤਾਬਿਕ 7 ਮਾਰਚ ਦੀ ਸ਼ਾਮ ਕਰੀਬ ਸਾਢੇ ਸੱਤ ਵਜੇ ਗੁਆਂਢੀਆਂ ਦੀ ਸ਼ਿਕਾਇਤ ’ਤੇ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਸੀ। ਉਸ ਸਮੇਂ ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਛੱਤ ’ਤੇ ਮੋਟਰ ਦੀ ਤਾਰ ਠੀਕ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੇ ਪਹਿਲਾਂ ਉਨ੍ਹਾਂ ਦੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਏ। ਇਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਲਵਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੂਠੀ ਸ਼ਿਕਾਇਤ ਕਰਨ ਵਾਲੇ ਗੁਆਂਢੀ ਆਮ ਆਦਮੀ ਪਾਰਟੀ ਨਾਲ ਜੁੜੇ ਹਨ, ਜਿਸ ਕਾਰਨ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਲਈ ਸਰਹੱਦ ’ਤੇ ਤਇਨਾਤ ਹਨ, ਜਦਕਿ ਘਰ ’ਤੇ ਉਨ੍ਹਾਂ ਦੇ ਮਾਪਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਡੀਐੱਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਜਾਂਚ ਵਿਚ ਜਸਵੰਤ ਸਿੰਘ ਅਤੇ ਉਸ ਦੇ ਭਰਾ ਟਹਿਲ ਸਿੰਘ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚ ਪਹਿਲਾਂ ਕਈ ਵਾਰ ਝੜਪ ਹੋਈ ਸੀ। ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਟਹਿਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਸਵੰਤ ਸਿੰਘ ਉਨ੍ਹਾਂ ਨੂੰ ਹਥਿਆਰ ਨਾਲ ਧਮਕੀਆਂ ਦੇ ਰਿਹਾ ਸੀ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਜਸਵੰਤ ਸਿੰਘ ਛੱਤ ’ਤੇ ਨਸ਼ੇ ਦੀ ਹਾਲਤ ’ਚ ਸੀ। ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹੇਠਾਂ ਆਉਣ ਲਈ ਕਿਹਾ, ਪਰ ਉਹ ਪੌੜੀਆਂ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਜ਼ਖਮੀ ਜਸਵੰਤ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਹੈ। ਉਸ ਨੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬਿਆਨ ਦਿੱਤੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।