ਡਾ. ਬਾਂਸਲ ਸਿਵਲ ਹਸਪਤਾਲ ਦੇ ਐੱਸਐੱਮਓ ਨਿਯੁਕਤ
ਡਾ. ਅਰੁਣ ਬਾਂਸਲ ਸਿਵਲ ਹਸਪਤਾਲ ਦੇ ਨਵੇਂ ਐਸਐਮਓ ਨਿਯੁਕਤ
Publish Date: Thu, 12 Mar 2026 06:34 PM (IST)
Updated Date: Thu, 12 Mar 2026 06:36 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਸਿਵਲ ਹਸਪਤਾਲ ਵਿਚ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਲੜੀ ਤਹਿਤ ਡਾ. ਅਰੁਣ ਬਾਂਸਲ ਨੂੰ ਸਿਵਲ ਹਸਪਤਾਲ ਦੇ ਨਵੇਂ ਸੀਨੀਅਰ ਮੈਡੀਕਲ ਅਫਸਰ (ਐੱਸਐੱਮਓ) ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ. ਬਾਂਸਲ ਕਈ ਸਾਲਾਂ ਤੋਂ ਸਿਵਲ ਹਸਪਤਾਲ ਵਿਚ ਮਨੋਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਮਰੀਜ਼ਾਂ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਅਤੇ ਸੁਭਾਅ ਕਰ ਕੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਮੌਜੂਦਾ ਐੱਸਐੱਮਓ ਡਾ. ਸੋਨੀਆ ਗੁਪਤਾ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਡਿਪਟੀ ਮੈਡੀਕਲ ਸੁਪਰਡੈਂਟ (ਡੀਐੱਮਐੱਸ) ਵਜੋਂ ਤਾਇਨਾਤ ਕੀਤਾ ਗਿਆ ਹੈ। ਡਾ. ਸੋਨੀਆ ਗੁਪਤਾ ਨੇ ਆਪਣੇ ਕਾਰਜਕਾਲ ਦੌਰਾਨ ਹਸਪਤਾਲ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ, ਜਿਸ ਲਈ ਉਨ੍ਹਾਂ ਦੇ ਕੰਮ ਦੀ ਕਾਫ਼ੀ ਪ੍ਰਸ਼ੰਸਾ ਵੀ ਹੋਈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਹੋਰ ਪ੍ਰਸ਼ਾਸਕੀ ਤਬਦੀਲੀ ਕਰਦਿਆਂ ਡਾ. ਨਵਪ੍ਰੀਤ ਗਰੇਵਾਲ ਨੂੰ ਸੀਐੱਚਸੀ ਬਾਜਾਖਾਨਾ (ਜ਼ਿਲ੍ਹਾ ਫ਼ਰੀਦਕੋਟ) ਵਿਚ ਐੱਸਐੱਮਓ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਉੱਥੇ ਦੀਆਂ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਖੇਤਰ ਦੇ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਮਿਲਣਗੀਆਂ। ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਹਸਪਤਾਲ ਦੇ ਸਟਾਫ ਅਤੇ ਸਥਾਨਕ ਲੋਕਾਂ ਨੇ ਡਾ. ਅਰੁਣ ਬਾਂਸਲ ਨੂੰ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਦੇ ਤਜ਼ਰਬੇ ਅਤੇ ਅਗਵਾਈ ਹੇਠ ਸਿਵਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਹੋਰ ਬਿਹਤਰ ਹੋਣਗੀਆਂ।