ਡੀਸੀ ਨੇ ਪੈਟਰੋਲ ਪੰਪ ਐਸੋਸੀਏਸ਼ਨ ਤੇ ਗੈਸ ਏਜੰਸੀ ਐਸੋਸੀਏਸ਼ਨ ਨਾਲ ਕੀਤੀ ਇਕੱਤਰਤਾ
ਡਿਪਟੀ ਕਮਿਸ਼ਨਰ ਨੇ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਗੈਸ ਏਜੰਸੀ ਐਸੋਸੀਏਸ਼ਨ ਨਾਲ ਕੀਤੀ ਵਿਸ਼ੇਸ਼ ਮੀਟਿੰਗ
Publish Date: Thu, 12 Mar 2026 05:45 PM (IST)
Updated Date: Thu, 12 Mar 2026 05:48 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ’ਚ ਘਰੇਲੂ ਗੈਸ, ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ। ਤੇਲ ਕੰਪਨੀਆਂ ਕੋਲ ਪ੍ਰਾਪਤ ਮਾਤਰਾ ਵਿਚ ਸਾਰਾ ਕੁਝ ਉਪਲਬਧ ਹੈ ਅਤੇ ਇਸ ਕਰ ਕੇ ਸਪਲਾਈ ਆਮ ਵਾਂਗ ਨਿਰਵਿਘਨ ਮਿਲੇਗੀ। ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਗੈਸ ਏਜੰਸੀ ਐਸੋਸੀਏਸ਼ਨ ਨਾਲ ਕੀਤੀ ਗਈ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਦੌਰਾਨ ਜ਼ਿਲ੍ਹਾ ਖੁਰਾਕ ਅਤੇ ਸਪਲਾਇਜ਼ ਕੰਟਰੋਲਰ ਅਤੇ ਕੰਪਨੀਆਂ ਦੇ ਸੇਲਜ਼ ਅਫਸਰ ਵੀ ਸ਼ਾਮਲ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਿੱਲਤ ਨਹੀਂ ਹੈ ਅਤੇ ਆਮ ਪਬਲਿਕ ਨੂੰ ਪਹਿਲਾਂ ਵਾਂਗ ਹੀ ਨਿਰਵਿਘਨ ਪੈਟਰੋਲ/ਡੀਜ਼ਲ ਦੀ ਸਪਲਾਈ ਮਿਲਦੀ ਰਹੇਗੀ। ਜੇਕਰ ਕਿਸੇ ਵੀ ਅਦਾਰੇ ਪਬਲਿਕ ਨੂੰ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦੇ ਦਫ਼ਤਰ ਜਾਂ ਸਬੰਧਿਤ ਕੰਪਨੀ ਦੇ ਸੇਲਜ਼ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਘਰੇਲੂ ਗੈਸ ਦੀ ਸਪਲਾਈ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਘਰੇਲੂ ਗੈਸ ਦੀ ਕੋਈ ਦਿੱਕਤ ਨਹੀਂ ਹੈ ਅਤੇ ਆਮ ਪਬਲਿਕ ਨੂੰ ਬੁਕਿੰਗ ਦੇ ਆਧਾਰ ’ਤੇ ਪਹਿਲਾਂ ਵਾਂਗ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਦਿੱਤੀ ਜਾ ਰਹੀ ਹੈ। ਕੰਪਨੀਆਂ ਵੱਲੋਂ ਹੋਟਲ ਅਤੇ ਢਾਬਿਆਂ ਨੂੰ ਕਮਰਸ਼ੀਅਲ ਗੈਸ ਸਪਲਾਈ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਪਰ ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਨਿਰਵਿਘਨ ਸਪਲਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਐੱਲਪੀਜੀ ਦੀ ਜਮਾਂਖੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਘਰੇਲੂ ਗੈਸ ਦੀ ਸਪਲਾਈ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਸਬੰਧਿਤ ਗੈਸ ਏਜੰਸੀ, ਕੰਪਨੀ ਦੇ ਸੇਲਜ਼ ਅਫਸਰ ਜਾਂ ਖੁਰਾਕ ਸਪਲਾਈ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।