- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਸਫੋਰਡ ਸਕੂਲ 'ਚ ਮਾਪਿਆਂ ਦਾ ਜਾਣ ਪਛਾਣ ਪ੍ਰੋਗਰਾਮ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇਲਾਕੇ ਦੀ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਲਈ ਬੇਹੱਦ ਯਤਨਸ਼ੀਲ ਰਹਿੰਦੀ ਹੈ। ਇਸ ਸੰਸਥਾ ਵਿਚ ਸਮੇਂ-ਸਮੇਂ ’ਤੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਹਨ, ਜੋ ਉਨ੍ਹਾਂ ਲਈ ਲਾਭਦਾਇਕ ਸਾਬਤ ਹੁੰਦੇ ਹਨ। ਇਸੇ ਕਾਰਜ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਸੰਸਥਾ ਵਿਚ ਪ੍ਰੀ-ਨਰਸਰੀ ਤੇ ਨਰਸਰੀ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ‘ਜਾਣ-ਪਛਾਣ ਪ੍ਰੋਗਰਾਮ’ ਕਰਵਾਇਆ ਗਿਆ ਤਾਂ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਕੂਲ ਵਿਚ ਵਿਚਰਨ ਸਮੇਂ ਆਉਣ ਵਾਲੀਆਂ ਦਿੱਕਤਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਇਸ ਪ੍ਰੋਗਰਾਮ ਦੇ ਮੁੱਖ ਸਰੋਤ ਜੁਆਨਾ ਫਰਨਾਂਡੇਜ਼ ਸਿੱਖਿਅਕ ਅਤੇ ਟੀਚਰ ਟ੍ਰੇਨਿੰਗ ਐਕਸਪਰਟ ਚੰਡੀਗੜ੍ਹ ਨੇ ਪ੍ਰੋਗਰਾਮ ਦੌਰਾਨ ਦੱਸਿਆ ਕਿ ਅੱਜ ਦੇ ਮਾਪਿਆਂ ਉੱਤੇ ਹਰ ਚੀਜ਼ ਨੂੰ ਸਹੀ ਢੰਗ ਨਾਲ ਕਰਨ ਅਤੇ ਕਰਵਾਉਣ ਦਾ ਦਬਾਅ ਬਣਿਆ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਔਖਾ ਲੱਗਦਾ ਹੈ। ਆਪਣੇ 17 ਸਾਲਾਂ ਦੇ ਤਜ਼ਰਬੇ ਨੂੰ ਮਾਪਿਆਂ ਨਾਲ ਸਾਂਝੇ ਕਰਦੇ ਹੋਏ ਫਰਨਾਂਡੇਜ਼ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਮਾਹੌਲ ਨੂੰ ਸੁਖਾਵਾਂ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਨੇ ਇਸ ਨਾਲ ਸੰਬਧਿਤ ਨੁਕਤੇ ਵੀ ਮਾਪਿਆਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚੇ ਦੇ ਬਚਪਨ ਅਤੇ ਸਿੱਖਿਅਕ ਪਹਿਲੂ, ਸ਼ਿਸਟਾਚਾਰ ਅਤੇ ਕਦਰਾਂ-ਕੀਮਤਾਂ ਦੀ ਸਿੱਖਣਾ, ਬੱਚੇ ਦੀ ਜ਼ਿੰਦਗੀ ਵਿਚ ਸਕੂਲ ਅਤੇ ਅਧਿਆਪਕਾਂ ਦੇ ਰੋਲ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੇ ਮਾਪਿਆਂ ਨੂੰ ਕੁਝ ਜ਼ਰੂਰੀ ਟਿਪਸ ਰਾਹੀਂ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਦੇ ਬਾਰੇ ਜਾਣੂ ਕਰਵਾਇਆ। ਇਸ ਸਮੇਂ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਜਿਸ ਵਿਚ ਪੌਸ਼ਟਿਕ ਭੋਜਨ ਟਿਫਨ, ਸਾਫ਼-ਸੁਥਰੀ ਡਾਇਰੀ ਅਤੇ ਵੱਖ-ਵੱਖ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਮਾਪਿਆਂ ਨੂੰ ਕਿਹਾ ਕਿ ਛੋਟੇ ਵਿਦਿਆਰਥੀਆਂ ਦੇ ਪਾਲਣ-ਪੋਸ਼ਣ ਨੂੰ ਆਸਾਨ ਅਤੇ ਢਾਂਚਾਗਤ ਬਣਾਉਣ ਲਈ ਬੱਚੇ ਦੇ ਸੰਪੂਰਨ ਵਿਕਾਸ ਲਈ ਤੁਹਾਨੂੰ ਸਾਡਾ ਅਤੇ ਸਾਨੂੰ ਆਪ ਜੀ ਦਾ ਸਹਿਯੋਗੀ ਬਣਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬੇਹੱਦ ਸਹਾਇਕ ਸਿੱਧ ਹੋਵੇਗਾ। ਪ੍ਰੋਗਰਾਮ ਦੇ ਅਖੀਰ ਵਿਚ ਕੋਆਰਡੀਨੇਟਰ ਅਮਨ ਸੰਧਰ ਨੇ ਫਰਨਾਂਡੇਜ਼ ਅਤੇ ਮਾਪਿਆਂ ਦਾ ਧੰਨਵਾਦ ਕੀਤਾ, ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਇਸ ਸਮੇਂ ਮੁੱਖ ਸਰੋਤ ਜੁਆਨਾ ਫਰਨਾਂਡੇਜ਼ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਕੋਆਰਡੀਨੇਟਰਜ਼ ਆਦਿ ਮੌਜੂਦ ਸਨ।