ਤਪਾਚਾਰਿਆ ਗੁਰੂ ਮਾਂ ਹੇਮ ਕੁੰਵਰ ਮਹਾਰਾਜ ਦਾ 19ਵਾਂ ਪੁਣਯ ਸਮ੍ਰਿਤੀ ਦਿਵਸ 15 ਨੂੰ
ਤਪਾਚਾਰਿਆ ਗੁਰੂ ਮਾਂ ਹੇਮ ਕੁੰਵਰ ਜੀ ਮਹਾਰਾਜ ਦਾ 19ਵਾਂ ਪੁਣਯ ਸਮ੍ਰਿਤੀ ਦਿਵਸ 15 ਮਾਰਚ ਨੂੰ
Publish Date: Thu, 12 Mar 2026 05:17 PM (IST)
Updated Date: Thu, 12 Mar 2026 05:21 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਤਪਾਚਾਰਿਆ ਗੁਰੂ ਮਾਂ ਹੇਮ ਕੁੰਵਰ ਜੀ ਮਹਾਰਾਜ ਦਾ 19ਵਾਂ ਪੁਣਯ ਸਮ੍ਰਿਤੀ ਦਿਵਸ 15 ਮਾਰਚ ਐਤਵਾਰ ਨੂੰ ਰਾਮਾਂ ਮੰਡੀ ਵਿਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਵੇਗਾ। ਇਹ ਸਮਾਗਮ ਤਪਾਚਾਰਿਆ ਹੇਮ ਕੁੰਵਰ ਜੈਨ ਗਰਲਜ਼ ਸਕੂਲ, ਰਾਮਾਂ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤਕ ਜੈਨ ਸਾਧਵੀ ਹੇਮ ਕੁੰਵਰ ਵੈਲਫੇਅਰ ਸੁਸਾਇਟੀ ਰਾਮਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਇਸ ਪਵਿੱਤਰ ਸਮਾਗਮ ਵਿਚ ਆਚਾਰਿਆ ਸਮਰਾਟ ਸ਼੍ਰੀ ਸ਼ਿਵ ਮੁਨੀ ਮਹਾਰਾਜ ਦੀ ਆਗਿਆਨੁਵਰਤਨੀ ਰਾਸ਼ਟਰ ਸ੍ਰਮਣੀ, ਸੰਥਾਰਾ ਸਾਧਿਕਾ ਗੁਰੂ ਮਾਂ ਸ਼੍ਰੀ ਹੇਮ ਕੁੰਵਰ ਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਸਮਾਗਮ ਵਰਿਸ਼ਠ ਓਪਪ੍ਰਵਰਤਨੀ ਡਾ. ਰਵੀ ਰਸ਼ਮੀ ਜੀ ਮਹਾਰਾਜ ਠਾਣੇ-5 ਦੇ ਪਾਵਨ ਸਾਨਿਧਯ ਵਿਚ ਕਰਵਾਇਆ ਜਾਵੇਗਾ। ਨਗਰ ਕੌਂਸਲ ਦੇ ਪੂਰਵ ਪ੍ਰਧਾਨ ਕ੍ਰਿਸ਼ਨ ਮਿੱਤਲ ਕਾਲਾ, ਡਾ. ਸੋਹਨ ਲਾਲ ਕਲਿਆਣੀ, ਵਿੱਕੀ ਸਿੰਗਲਾ, ਕੈਲਾਸ਼ ਚੌਧਰੀ, ਰਾਜਿੰਦਰ ਕਾਂਸਲ ਬਬੀ, ਤਰਸੇਮ ਬਾਂਸਲ ਅਤੇ ਮਨੋਜ ਕੁਮਾਰ ਮੌਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਮਾਂ ਦੇ ਕਠੋਰ ਤਪ ਦੇ ਪ੍ਰਭਾਵ ਨਾਲ ਕਈ ਜਨਤਕ ਸਮਾਗਮਾਂ ਦੌਰਾਨ ਵਿਸ਼ਾਲ ਜਨਸਮੂਹ ਵਿਚਕਾਰ ਦਿਵਿਆ ਕੇਸਰ ਅਤੇ ਅੰਮ੍ਰਿਤ ਜਲ ਦੀ ਵਰਖਾ ਹੋਣ ਦੇ ਅਨੇਕਾਂ ਪ੍ਰਸੰਗ ਸਾਹਮਣੇ ਆਏ ਹਨ, ਜਿਸ ਕਾਰਨ ਸ਼ਰਧਾਲੂਆਂ ਵਿੱਚ ਉਨ੍ਹਾਂ ਪ੍ਰਤੀ ਅਤੁੱਟ ਭਗਤੀ ਅਤੇ ਵਿਸ਼ਵਾਸ ਹੈ। ਸਮਾਗਮ ਦੀ ਸ਼ੁਰੂਆਤ ਸੁੱਖ-ਸ਼ਾਂਤੀ, ਸਿੱਧੀ ਅਤੇ ਸਮ੍ਰਿੱਧੀ ਦੀ ਕਾਮਨਾ ਨਾਲ ਮੰਤਰ ਉਚਾਰਨ ਦੁਆਰਾ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਭੂ ਪਾਰਸ–ਪਦਮਾਵਤੀ ਦੀ ਸਿੱਧ ਸਾਧਨਾ ਰਾਹੀਂ ਰੱਖਿਆ ਅਤੇ ਸੁਰੱਖਿਆ ਕਵਚ ਕੀਤਾ ਜਾਵੇਗਾ। ਸਮਾਗਮ ਵਿੱਚ ਸਵੇਰੇ 9:30 ਤੋਂ 10:00 ਵਜੇ ਤੱਕ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਲੱਕੀ ਕੂਪਨ ਦਿੱਤੇ ਜਾਣਗੇ, ਜਿਨ੍ਹਾਂ ਵਿੱਚੋਂ 11 ਸ਼ੁੱਧ ਚਾਂਦੀ ਦੇ ਸਿੱਕੇ ਲੱਕੀ ਡਰਾਅ ਰਾਹੀਂ ਕੱਢੇ ਜਾਣਗੇ। ਇਸ ਦੇ ਨਾਲ ਹੀ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਰਾਮਾਂ ਵੱਲੋਂ ਇਸ ਦਿਨ ਖ਼ੂਨਦਾਨ ਕੈਂਪ ਵੀ ਲਾਇਆ ਜਾਵੇਗਾ। ਪ੍ਰਬੰਧਕਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਸਮੇਤ ਸਮਾਗਮ ਵਿਚ ਸ਼ਾਮਲ ਹੋ ਕੇ ਗੁਰੂ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸਮਾਗਮ ਉਪਰੰਤ ਸਾਰਿਆਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ।