ਸਿਵਲ ਹਸਪਤਾਲ ’ਚ ਗਲੋਕੋਮਾ ਹਫ਼ਤਾ ਮਨਾਇਆ
ਸਿਵਲ ਹਸਪਤਾਲ ਵਿਖੇ ਗਲੋਕੋਮਾ ਹਫ਼ਤਾ ਮਨਾਇਆ
Publish Date: Thu, 12 Mar 2026 05:02 PM (IST)
Updated Date: Thu, 12 Mar 2026 05:06 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸਬ ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਗਲੋਕੋਮਾ ਹਫ਼ਤਾ ਮਨਾਇਆ ਗਿਆ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਹਰਲੀਨ ਕੌਰ ਵੱਲੋਂ ਗਲੋਕੋਮਾ ਬਾਰੇ ਵਿਸਥਾਰ ਨਾਲ ਲੈਕਚਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗਲੋਕੋਮਾ ਜਿਸ ਨੂੰ ਆਮ ਤੌਰ ’ਤੇ ‘ਕਾਲਾ ਮੋਤੀਆ’ ਕਿਹਾ ਜਾਂਦਾ ਹੈ। ਅੱਖਾਂ ਦੀ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਅੱਖ ਦੇ ਅੰਦਰ ਦਬਾਅ (Eye Pressure) ਵੱਧ ਜਾਣ ਕਰ ਕੇ ਅੱਖ ਦੀ ਨਸ (Optic Nerve) ਨੂੰ ਨੁਕਸਾਨ ਪਹੁੰਚਦਾ ਹੈ। ਇਹ ਨਸ ਅੱਖ ਤੋਂ ਦਿਮਾਗ ਤਕ ਦੇਖਣ ਵਾਲੇ ਸੰਕੇਤ ਲੈ ਕੇ ਜਾਂਦੀ ਹੈ। ਜੇਕਰ ਸਮੇਂ ’ਤੇ ਇਲਾਜ ਨਾ ਕੀਤਾ ਜਾਵੇ ਤਾਂ ਹੌਲੀ-ਹੌਲੀ ਨਜ਼ਰ ਘਟ ਸਕਦੀ ਹੈ ਅਤੇ ਕਈ ਵਾਰ ਅੰਨ੍ਹਾਪਣ ਵੀ ਹੋ ਸਕਦਾ ਹੈ। ਕਈ ਵਾਰ ਸ਼ੁਰੂਆਤੀ ਦੌਰ ਵਿੱਚ ਕੋਈ ਲੱਛਣ ਨਹੀਂ ਹੁੰਦੇ, ਇਸ ਲਈ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ। 40 ਸਾਲ ਤੋਂ ਉੱਪਰ ਦੇ ਵਿਅਕਤੀ, ਜਿਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੂੰ ਗਲੋਕੋਮਾ ਹੋਵੇ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼, ਲੰਮੇ ਸਮੇਂ ਤਕ ਸਟੇਰਾਈਡ ਦਵਾਈਆਂ ਵਰਤਣ ਵਾਲੇ ਲੋਕ, ਅੱਖਾਂ ਦੀ ਚੋਟ ਜਾਂ ਸਰਜਰੀ ਹੋ ਚੁੱਕੀ ਹੋਵੇ, ਜ਼ਿਆਦਾ ਨਜ਼ਦੀਕ ਜਾਂ ਦੂਰ ਦੀ ਨਜ਼ਰ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦੀ ਸ਼ੁਰੂਆਤੀ ਪੜਾਅ ਵਿੱਚ ਹੀ ਪਛਾਣ ਹੋ ਸਕੇ। ਬਲਾਕ ਐਜੂਕੇਟਰ ਗੁਰਸਿਮਰਤ ਕੌਰ ਵੱਲੋਂ ਵੀ ਲੋਕਾਂ ਨੂੰ ਅੱਖਾਂ ਦੀ ਸੰਭਾਲ ਅਤੇ ਗਲੋਕੋਮਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫ਼ਤ ਜਾਂਚ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅੱਖਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਤੋਂ ਸਲਾਹ ਲੈਣ।