ਵਿਰਸਾ ਸੰਭਾਲ ਕਮੇਟੀ ਵੱਲੋਂ ਮੇਲੇ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ
ਵਿਰਸਾ ਸੰਭਾਲ ਕਮੇਟੀ ਵੱਲੋਂ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
Publish Date: Thu, 12 Mar 2026 04:54 PM (IST)
Updated Date: Thu, 12 Mar 2026 04:57 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ
ਨਥਾਣਾ : ਪਿੰਡ ਨਥਾਣਾ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੇਲਾ ਬਾਬਾ ਕਾਲੂ ਨਾਥ ਲੱਗਣ ਜਾ ਰਿਹਾ ਹੈ। ਇਹ ਧਾਰਮਿਕ ਅਤੇ ਸੱਭਿਆਚਾਰਕ ਮੇਲਾ 17 ਮਾਰਚ ਦੀ ਸ਼ਾਮ ਤੋਂ ਸ਼ੁਰੂ ਹੋ ਕੇ 21 ਮਾਰਚ ਤਕ ਚੱਲੇਗਾ। ਇਸ ਮੇਲੇ ਵਿਚ ਰੋਮਾਣਾ ਅਤੇ ਧਾਲੀਵਾਲ ਗੋਤ ਨਾਲ ਸਬੰਧਿਤ ਲੋਕਾਂ ਦੇ ਨਾਲ-ਨਾਲ ਪੂਰੇ ਬਾਈਏ ਦੇ ਸ਼ਰਧਾਲੂ ਆਪਣੀਆਂ ਸੁੱਖਾਂ ਲਾਉਂਦੇ ਹਨ ਅਤੇ ਰਿਵਾਜ਼ ਅਨੁਸਾਰ ਮਿੱਟੀ ਕੱਢ ਕੇ ਮੱਥਾ ਟੇਕਦੇ ਹਨ। ਵਿਰਸਾ ਸੰਭਾਲ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਮੇਲੇ ਦੌਰਾਨ ਪੰਜਾਬੀ ਲੋਕ ਵਿਰਸੇ ਨੂੰ ਸੰਭਾਲਣ ਲਈ ਕਵਿੱਛਰਾਂ, ਨਕਲੀਆਂ ਅਤੇ ਢਾਡੀ ਕਲਾ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਕਮੇਟੀ ਦੇ ਆਗੂ ਮਾਸਟਰ ਜਸਬੀਰ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਅਤੇ ਸਫ਼ਾਈ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਠੰਢੇ ਪਾਣੀ ਅਤੇ ਹੋਰ ਸਹੂਲਤਾਂ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇਗਾ। ਧਰਮਵੀਰ ਸਿੰਘ ਭੋਲਾ ਨੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮੇਲੇ ਵਿੱਚ ਸ਼ਿਰਕਤ ਕਰਨ। ਉਨ੍ਹਾਂ ਕਿਹਾ ਕਿ ਵਿਰਸਾ ਸੰਭਾਲ ਕਮੇਟੀ ਵੱਲੋਂ ਆਉਣ ਵਾਲੀਆਂ ਸੰਗਤਾਂ ਦਾ ਖੁਸ਼ਦਿਲੀ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਜਿੰਮੀ ਭੁੱਲਰ, ਸ਼ੀਸ਼ਾ ਨੰਬਰਦਾਰ, ਸੁਖਦੇਵ ਸਿੰਘ ਸਲਾਣੀ, ਭੋਲਾ ਸਿੰਘ ਤਰਕਸ਼ੀਲ, ਹਰਪ੍ਰੀਤ ਸਲਾਣੀ, ਕਰਮਜੀਤ ਸਲਾਣੀ, ਬਸੰਤ ਸਿੰਘ ਫੌਜੀ, ਮਾਸਟਰ ਗੁਰਬਚਨ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।