- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਸਪਲਾਈ ’ਤੇ ਸੰਕਟ ਦੇ ਆਸਾਰ: ਐਲਪੀਜੀ ਬੁਕਿੰਗ ਪ੍ਰਭਾਵਿਤ, ਸਿਲੰਡਰਾਂ ਲਈ ਲੋਕਾਂ ਦੀਆਂ ਲੱਗੀਆਂ ਲਾਇਨਾਂ

- ਆਨਲਾਈਨ ਬੁਕਿੰਗ ’ਚ ਦਿੱਕਤਾਂ, ਸਰਵਰ ਡਾਊਨ ਹੋਣ ਕਾਰਨ ਉਪਭੋਗਤਾ ਪਰੇਸ਼ਾਨ
- ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਹੋਟਲ-ਢਾਬਿਆਂ ਤੇ ਘਰੇਲੂ ਖ਼ਪਤਕਾਰਾਂ ਦੀ ਚਿੰਤਾ ਵਧੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਅੰਤਰਰਾਸ਼ਟਰੀ ਹਾਲਾਤਾਂ ਦਾ ਅਸਰ ਹੁਣ ਪੰਜਾਬ ਦੇ ਸ਼ਹਿਰਾਂ ਤਕ ਵੀ ਦਿਖਾਈ ਦੇਣ ਲੱਗਾ ਹੈ। ਗੈਸ ਸਪਲਾਈ ਪ੍ਰਭਾਵਿਤ ਹੋਣ ਦੇ ਦਰਮਿਆਨ ਬਠਿੰਡਾ ਵਿੱਚ ਵੀ ਐੱਲਪੀਜੀ ਸਿਲੰਡਰਾਂ ਦੀ ਬੁਕਿੰਗ ਅਤੇ ਡਲਿਵਰੀ ਨੂੰ ਲੈ ਕੇ ਲੋਕਾਂ ਦੀ ਪਰੇਸ਼ਾਨੀ ਵਧਣ ਲੱਗੀ ਹੈ। ਸ਼ਹਿਰ ਦੀਆਂ ਕਈ ਗੈਸ ਏਜੰਸੀਆਂ ਦੇ ਬਾਹਰ ਪਿਛਲੇ ਕੁਝ ਦਿਨਾਂ ਤੋਂ ਖ਼ਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਜਦਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਕਈ-ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਿਲੰਡਰ ਦੀ ਡਲਿਵਰੀ ਨਹੀਂ ਹੋ ਰਹੀ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੁਕਿੰਗ ਕਰਵਾਉਣ ਲਈ ਵੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਘਰੇਲੂ ਐੱਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਇਨ੍ਹਾਂ ਦਿਨਾਂ ਖ਼ਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਵਿੱਚ ਲੋਕਾਂ ਨੂੰ ਲੋੜ ਮੁਤਾਬਿਕ ਸਮੇਂ ’ਤੇ ਸਿਲੰਡਰ ਨਹੀਂ ਮਿਲ ਰਹੇ। ਸਥਿਤੀ ਇਹ ਬਣ ਗਈ ਹੈ ਕਿ ਇਕ ਸਿਲੰਡਰ ਲੈਣ ਤੋਂ ਬਾਅਦ ਖ਼ਪਤਕਾਰਾਂ ਨੂੰ ਅਗਲੀ ਬੁਕਿੰਗ ਲਈ 25 ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਕਾਰਨ ਸ਼ਹਿਰ ਦੇ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਗੈਸ ਦੀ ਕਮੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਅਸਲ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਬਣੇ ਤਣਾਅ ਅਤੇ ਸਪਲਾਈ ਚੇਨ ਵਿੱਚ ਆਈ ਰੁਕਾਵਟ ਦਾ ਅਸਰ ਭਾਰਤ ਵਿੱਚ ਐੱਲਪੀਜੀ ਦੀ ਉਪਲਬਧਤਾ ’ਤੇ ਪੈ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ’ਤੇ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਹੋਟਲ, ਢਾਬਿਆਂ ਅਤੇ ਰੇਹੜੀ-ਫੜੀ ਚਲਾਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਬੁਕਿੰਗ ਕਰਨ ਦੇ ਬਾਵਜੂਦ ਵੀ ਸਿਲੰਡਰ ਮਿਲਣ ਵਿੱਚ ਦੇਰੀ ਹੋ ਰਹੀ ਹੈ। ਕਈ ਖ਼ਪਤਕਾਰਾਂ ਦਾ ਦਾਅਵਾ ਹੈ ਕਿ ਪਹਿਲਾਂ ਜਿੱਥੇ 7 ਤੋਂ 10 ਦਿਨਾਂ ਵਿੱਚ ਸਿਲੰਡਰ ਮਿਲ ਜਾਂਦਾ ਸੀ, ਉੱਥੇ ਹੁਣ 20 ਤੋਂ 25 ਦਿਨ ਤਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਗੈਸ ਏਜੰਸੀਆਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਸਪਲਾਈ ਆਮ ਹੋਵੇਗੀ ਤਾਂ ਸਥਿਤੀ ਵੀ ਸੁਧਰ ਜਾਵੇਗੀ। ਦੂਜੇ ਪਾਸੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਅਸਰ ਸ਼ਹਿਰ ਦੇ ਹੋਟਲਾਂ ਅਤੇ ਢਾਬਿਆਂ ’ਤੇ ਵੀ ਪੈ ਰਿਹਾ ਹੈ। ਕਈ ਹੋਟਲ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਲੰਡਰ ਮਹਿੰਗੇ ਭਾਅ ’ਤੇ ਮਿਲ ਰਹੇ ਹਨ।
ਆਨਲਾਈਨ ਬੁਕਿੰਗ ’ਚ ਵੀ ਆ ਰਹੀਆਂ ਦਿੱਕਤਾਂ : ਖ਼ਪਤਕਾਰ ਭਰਪੂਰ ਕੁਮਾਰ ਦਾ ਕਹਿਣਾ ਹੈ ਕਿ ਗੈਸ ਦੀ ਆਨਲਾਈਨ ਬੁਕਿੰਗ ਕਰਨ ਵਿੱਚ ਵੀ ਮੁਸ਼ਕਿਲ ਆ ਰਹੀ ਹੈ। ਮੋਬਾਈਲ ਐਪ ਜਾਂ ਵੈੱਬਸਾਈਟ ’ਤੇ ਕਈ ਵਾਰ ਬੁਕਿੰਗ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ ਜਾਂ ਡਲਿਵਰੀ ਦੀ ਤਾਰੀਖ ਕਾਫ਼ੀ ਅੱਗੇ ਦੀ ਦਿਖਾਈ ਦਿੰਦੀ ਹੈ। ਸ਼ਹਿਰ ਵਾਸੀ ਅਨਿਲ ਕੁਮਾਰ ਨੇ ਕਿਹਾ ਕਿ ਆਨਲਾਈਨ ਬੁਕਿੰਗ ਵੀ ਢੰਗ ਨਾਲ ਨਹੀਂ ਹੋ ਰਹੀ। ਕਈ ਵਾਰ ਬੁਕਿੰਗ ਕਰਦੇ ਸਮੇਂ ਸਰਵਰ ਡਾਊਨ ਹੋਣ ਦੀ ਸਮੱਸਿਆ ਆ ਜਾਂਦੀ ਹੈ ਅਤੇ ਕਈ ਵਾਰ ਪੂਰੀ ਪ੍ਰਕਿਰਿਆ ਦੇ ਬਾਵਜੂਦ ਵੀ ਬੁਕਿੰਗ ਕਨਫਰਮ ਨਹੀਂ ਹੁੰਦੀ। ਇਸੇ ਤਰ੍ਹਾਂ ਅਮਨ ਕੁਮਾਰ ਨੇ ਕਿਹਾ ਕਿ ਪਹਿਲਾਂ ਜਿੱਥੇ 10 ਤੋਂ 12 ਦਿਨਾਂ ਵਿੱਚ ਸਿਲੰਡਰ ਦੀ ਡਲਿਵਰੀ ਹੋ ਜਾਂਦੀ ਸੀ, ਹੁਣ ਬੁਕਿੰਗ ਤੋਂ ਬਾਅਦ ਵੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਗੈਸ ਦੀ ਲੋੜ ਵੱਧ ਹੋਣ ਕਰ ਕੇ ਕਈ ਪਰਿਵਾਰਾਂ ਨੂੰ ਅਸਥਾਈ ਤੌਰ ’ਤੇ ਹੋਰ ਬਦਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਏਜੰਸੀ ਸੰਚਾਲਕ ਦਾ ਦਾਅਵਾ : ਮਾਡਲ ਟਾਊਨ ਫੇਜ਼-2 ਸਥਿਤ ਨਾਰਾਇਣ ਇੰਡੇਨ ਗੈਸ ਸਰਵਿਸ ਦੀ ਸੰਚਾਲਿਕਾ ਰੁਪਿੰਦਰ ਬਾਵਾ ਦਾ ਕਹਿਣਾ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੰਪਨੀਆਂ ਦੇ ਨਿਯਮਾਂ ਅਨੁਸਾਰ ਹੀ ਸਿਲੰਡਰ ਦਿੱਤੇ ਜਾ ਰਹੇ ਹਨ। ਇਕ ਸਿਲੰਡਰ ਲੈਣ ਤੋਂ ਬਾਅਦ ਅਗਲੀ ਬੁਕਿੰਗ 25 ਦਿਨ ਬਾਅਦ ਹੀ ਕੀਤੀ ਜਾ ਸਕਦੀ ਹੈ, ਇਸ ਕਾਰਨ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਏਜੰਸੀਆਂ ਨੂੰ ਸੀਮਤ ਗਿਣਤੀ ਵਿੱਚ ਹੀ ਸਿਲੰਡਰ ਮਿਲਦੇ ਹਨ ਅਤੇ ਉਸੇ ਅਨੁਸਾਰ ਡਿਲਵਰੀ ਕੀਤੀ ਜਾਂਦੀ ਹੈ। ਇਸ ਲਈ ਖ਼ਪਤਕਾਰਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਲੋੜ ਤੋਂ ਵੱਧ ਬੁਕਿੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਪ੍ਰਸ਼ਾਸਨ ਦੀ ਅਪੀਲ, ਅਫਵਾਹਾਂ ਤੋਂ ਬਚੋ : ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੈਸ ਦੀ ਕਮੀ ਬਾਰੇ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਲੋੜ ਤੋਂ ਵੱਧ ਸਿਲੰਡਰ ਇਕੱਠੇ ਨਾ ਕੀਤੇ ਜਾਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਪਲਾਈ ਪ੍ਰਣਾਲੀ ਨੂੰ ਆਮ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡੀਸੀ ਰਾਜੇਸ਼ ਧੀਮਾਨ ਵੱਲੋਂ ਵੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਾਲਾਬਾਜ਼ਾਰੀ ਰੋਕਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਵਿੱਚ ਘਰੇਲੂ ਗੈਸ, ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਤੇਲ ਕੰਪਨੀਆਂ ਕੋਲ ਲੁੜੀਂਦੀ ਮਾਤਰਾ ਵਿੱਚ ਤੇਲ ਉਪਲਬਧ ਹੈ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਸ ਤਰ੍ਹਾਂ ਕਰ ਸਕਦੇ ਹੋ ਬੁਕਿੰਗ
ਇੰਡੀਅਨ ਆਇਲ : ਬੀਬੀਪੀਐੱਸ (ਐਮਾਜ਼ਾਨ, ਗੂਗਲ ਪੇ, ਪੇਟੀਐੱਮ, ਭੀਮ, ਫੋਨ-ਪੇ) ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ। ਆਈਵੀਆਰਐੱਸ ਤਹਿਤ 7718955555 ’ਤੇ ਕਾਲ (ਸ਼ਾਮ 6 ਤੋਂ 10 ਵਜੇ ਤੱਕ) ਜਾਂ 8454955555 ’ਤੇ ਮਿਸਡ ਕਾਲ ਦਿੱਤੀ ਜਾ ਸਕਦੀ ਹੈ। ਇੰਡੀਅਨ ਆਇਲ ਐਪ ਜਾਂ ਵੈੱਬਸਾਈਟ ਰਾਹੀਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ। 7718955555 ’ਤੇ ਐੱਸਐੱਮਐੱਸ ਭੇਜ ਕੇ ਵੀ ਰਿਫਲ ਕਰਵਾਈ ਜਾ ਸਕਦੀ ਹੈ। 7588888824 ’ਤੇ ਵਟਸਐਪ ਰਾਹੀਂ ‘ਰਿਫਲ’ ਲਿਖ ਕੇ ਵੀ ਬੁਕਿੰਗ ਹੋ ਸਕਦੀ ਹੈ।
ਭਾਰਤ ਪੈਟਰੋਲੀਅਮ : ਬੀਬੀਪੀਐੱਸ (ਐਮਾਜ਼ਾਨ, ਗੂਗਲ ਪੇ, ਪੇਟੀਐੱਮ, ਭੀਮ, ਫੋਨ-ਪੇ) ਜਾਂ ਆਈਵੀਆਰਐੱਸ ਨੰਬਰ 7715012345 / 7718012345 / 7710955555 ’ਤੇ ਮਿਸਡ ਕਾਲ ਦੇ ਕੇ ਬੁਕਿੰਗ ਕਰ ਸਕਦੇ ਹੋ। ਬੀਪੀਸੀਐੱਲ ਐਪ ਜਾਂ my.ebharatgas.com ’ਤੇ ਲਾਗਇਨ ਕਰ ਕੇ ਵੀ ਬੁਕਿੰਗ ਕੀਤੀ ਜਾ ਸਕਦੀ ਹੈ। 1800224344 ਨੰਬਰ ’ਤੇ ਵਟਸਐਪ ‘ਤੇ ‘Hi’ ਲਿਖ ਕੇ ਵੀ ਸੇਵਾ ਮਿਲਦੀ ਹੈ।
ਹਿੰਦੁਸਤਾਨ ਪੈਟਰੋਲੀਅਮ : ਬੀਬੀਪੀਐੱਸ ਐਪ (ਐਮਾਜ਼ਾਨ, ਗੂਗਲ ਪੇ, ਪੇਟੀਐੱਮ, ਭੀਮ, ਫੋਨ-ਪੇ) ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ। ਆਈਵੀਆਰਐੱਸ ਨੰਬਰ 8888823456 ’ਤੇ ਕਾਲ ਜਾਂ 9493602222 ’ਤੇ ਮਿਸਡ ਕਾਲ ਦੇ ਕੇ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐੱਚਪੀ ਪੇ ਐਪ ਡਾਊਨਲੋਡ ਕਰ ਕੇ ਵੀ ਗੈਸ ਸਿਲੰਡਰ ਬੁਕ ਕੀਤਾ ਜਾ ਸਕਦਾ ਹੈ।