ਸ਼ਹਿਰ ’ਚ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
ਸ਼ਹਿਰ ਵਿਚ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
Publish Date: Thu, 12 Mar 2026 04:29 PM (IST)
Updated Date: Thu, 12 Mar 2026 04:30 PM (IST)

-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ’ਚ ਹੁਣ ਤਕ 14 ਗੈਰ ਕਾਨੂੰਨੀ ਇਮਾਰਤਾਂ ਢਾਹੀਆਂ, 3087 ਮੁਲਜ਼ਮ ਕੀਤੇ ਗ੍ਰਿਫ਼ਤਾਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਦੇ ਮਿਸ਼ਨ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ ਵੀਰਵਾਰ ਨੂੰ ਸਬ ਡਵੀਜ਼ਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਇਲਾਕੇ ਵਿੱਚ ਪ੍ਰਸ਼ਾਸਨ ਨੇ ਨਸ਼ੇ ਦੇ ਇਕ ਦੋਸ਼ੀ ਦੀ ਗੈਰਕਾਨੂੰਨੀ ਤੌਰ ’ਤੇ ਬਣਾਈ ਗਈ ਇਮਾਰਤ ’ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਢਾਹ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਇਹ ਇਮਾਰਤ ਜ਼ਿਸ਼ਨ ਅਲੀ ਉਰਫ਼ ਕੈਪਸੂਲ ਪੁੱਤਰ ਮੁਹੰਮਦ ਸ਼ਾਹ ਵਾਸੀ ਗਲੀ ਨੰਬਰ 16/1 ਧੋਬੀਆਣਾ ਬਸਤੀ ਬਠਿੰਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਸੀ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ ਵੱਲੋਂ ਇਮਾਰਤ ਢਾਹੁਣ ਦੌਰਾਨ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਨੇ ਪੁਲਿਸ ਦੀ ਮੌਜੂਦਗੀ ਵਿੱਚ ਕਾਰਵਾਈ ਕਰਦਿਆਂ ਗੈਰ ਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਕਈ ਵਾਰ ਨੋਟਿਸ ਜਾਰੀ ਕਰ ਕੇ ਇਸ ਗੈਰ ਕਾਨੂੰਨੀ ਕਬਜ਼ੇ ਨੂੰ ਹਟਾਉਣ ਅਤੇ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਉਸ ਵੱਲੋਂ ਜਗ੍ਹਾ ਖਾਲੀ ਨਹੀਂ ਕੀਤੀ ਗਈ। ਇਸ ਕਾਰਨ ਪ੍ਰਸ਼ਾਸਨ ਨੂੰ ਮਜਬੂਰਨ ਬੁਲਡੋਜ਼ਰ ਕਾਰਵਾਈ ਕਰਨੀ ਪਈ। ਕਾਰਵਾਈ ਦੌਰਾਨ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਿਵਲ ਪ੍ਰਸ਼ਾਸਨ ਅਤੇ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਹੁਣ ਤਕ ਜ਼ਿਲ੍ਹੇ ਵਿੱਚ 14 ਗੈਰਕਾਨੂੰਨੀ ਤੌਰ ’ਤੇ ਬਣਾਈਆਂ ਗਈਆਂ ਇਮਾਰਤਾਂ ਢਾਹੀਆਂ ਜਾ ਚੁੱਕੀਆਂ ਹਨ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ 1 ਮਾਰਚ 2025 ਤੋਂ ਹੁਣ ਤਕ ਨਸ਼ੇ ਖ਼ਿਲਾਫ਼ ਮੁਹਿੰਮ ਚਲਾਉਂਦਿਆਂ 2116 ਕੇਸ ਦਰਜ ਕਰ ਕੇ 3087 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 84 ਵੱਡੇ ਤਸਕਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਲ 2023 ਤੋਂ ਹੁਣ ਤਕ 85 ਮੁਲਜ਼ਮਾਂ ਦੀ ਕਰੀਬ 14 ਕਰੋੜ ਰੁਪਏ ਦੀ ਸੰਪਤੀ ਵੀ ਫ੍ਰੀਜ਼ ਕਰਵਾਈ ਜਾ ਚੁੱਕੀ ਹੈ। ਬਠਿੰਡਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਖ਼ਿਲਾਫ਼ ਇਸ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ। ਜੇਕਰ ਕਿਸੇ ਇਲਾਕੇ ਵਿੱਚ ਨਸ਼ੇ ਦਾ ਗੈਰ ਕਾਨੂੰਨੀ ਕਾਰੋਬਾਰ ਹੋ ਰਿਹਾ ਹੋਵੇ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੀ ਹੈਲਪਲਾਈਨ 91155-02252 ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।