ਡੀਏਵੀ ਕਾਲਜ ’ਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਡੀਏਵੀ ਕਾਲਜ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Thu, 12 Mar 2026 04:18 PM (IST)
Updated Date: Thu, 12 Mar 2026 04:21 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 17 ਮਾਰਚ 2026 ਤਕ ਚੱਲ ਰਹੇ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਦਿਨ ਖਿਡਾਰੀਆਂ ਨੇ ਬਹੁਤ ਉਤਸ਼ਾਹ ਨਾਲ ਆਪਣਾ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 27 ਤੋਂ ਵੱਧ ਕਾਲਜ ਟੀਮਾਂ ਹਿੱਸਾ ਲੈ ਰਹੀਆਂ ਹਨ। ਤੀਜੇ ਦਿਨ ਦੇ ਪਹਿਲੇ ਮੈਚ ਦੌਰਾਨ ਡਾ. ਰਾਜੇਸ਼ ਜਿੰਦਲ (ਜਿੰਦਲ ਹਾਰਟ ਇੰਸਟੀਚਿਊਟ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਮੈਚ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਐੱਸਡੀ ਕਾਲਜ ਬਰਨਾਲਾ ਵਿਚਕਾਰ ਖੇਡਿਆ ਗਿਆ। ਬਰਜਿੰਦਰਾ ਕਾਲਜ ਫ਼ਰੀਦਕੋਟ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦਿਆਂ 15 ਓਵਰਾਂ ਵਿਚ 144/5 ਦੌੜਾਂ ਬਣਾਈਆਂ, ਜਿਸ ਵਿੱਚ ਜਸ਼ਨ ਨੇ 44 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਜਵਾਬ ਵਿੱਚ ਐੱਸਡੀ ਕਾਲਜ ਬਰਨਾਲਾ ਦੀ ਟੀਮ 132/7 ਦੌੜਾਂ ਹੀ ਬਣਾ ਸਕੀ। ਰੇਮਲ ਨੇ 41 ਦੌੜਾਂ ਬਣਾਈਆਂ। ਇਸ ਤਰ੍ਹਾਂ ਬਰਜਿੰਦਰਾ ਕਾਲਜ ਫ਼ਰੀਦਕੋਟ ਨੇ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ। ਦਿਨ ਦੇ ਦੂਜੇ ਮੈਚ ਵਿੱਚ ਮੁੱਖ ਮਹਿਮਾਨ ਰਾਜਨ ਅਮਰਦੀਪ ਸਿੰਘ, ਚੇਅਰਮੈਨ ਕੋਆਪ੍ਰੇਟਿਵ ਬੈਂਕ ਸਨ। ਇਹ ਮੈਚ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਅਤੇ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਚਕਾਰ ਖੇਡਿਆ ਗਿਆ। ਮਾਤਾ ਗੁਜਰੀ ਕਾਲਜ ਨੇ ਪਹਿਲਾਂ ਬੈਟਿੰਗ ਕਰਦਿਆਂ 152/7 ਦੌੜਾਂ ਬਣਾਈਆਂ, ਜਿਸ ਵਿਚ ਮੋਹਿਤ ਨੇ 43 ਦੌੜਾਂ ਬਣਾਈਆਂ। ਜਵਾਬ ਵਿਚ ਬਰਜਿੰਦਰਾ ਕਾਲਜ ਦੀ ਟੀਮ 147/9 ਦੌੜਾਂ ਹੀ ਬਣਾ ਸਕੀ। ਇੰਦਰ ਨੇ 29 ਦੌੜਾਂ ਬਣਾਈਆਂ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਅਜੇ ਵਾਲੀਆ ਅਤੇ ਕ੍ਰਿਕਟ ਕੋਚ ਰਾਜੀਵ ਕੁਮਾਰ ਮੋਹੰਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।