ਕੱਚੇ ਦਰਜਾ ਚਾਰ ਨੂੰ ਕੰਮ ਬਰਾਬਰ ਦਿੱਤੀ ਜਾਵੇ ਤਨਖਾਹ : ਬਿਲਾਸਪੁਰ
ਕੱਚੇ ਦਰਜਾ ਚਾਰ ਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹ ਤਹਿਤ ਲਿਆਂਦਾ ਜਾਵੇ: ਬਿਲਾਸਪੁਰ
Publish Date: Wed, 11 Mar 2026 06:30 PM (IST)
Updated Date: Thu, 12 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਸਕੂਲਾਂ ਵਿਚ ਕੰਮ ਕਰ ਰਹੇ ਕੱਚੇ ਸਫਾਈ ਸੇਵਕ, ਚੌਕੀਦਾਰ ਅਤੇ ਹੋਰ ਸੇਵਾਦਾਰਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਕੰਮ ਅਤੇ ਤਨਖਾਹ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਸਕੂਲਾਂ ਵਿਚ ਪੂਰੇ ਸਮੇਂ ਤੱਕ ਰੱਖਿਆ ਜਾਂਦਾ ਹੈ ਤੇ ਉਹ ਸਾਰੀਆਂ ਜ਼ਿੰਮੇਵਾਰੀਆਂ ਪੱਕੇ ਕਰਮਚਾਰੀਆਂ ਵਾਂਗ ਹੀ ਨਿਭਾਅ ਰਹੇ ਹਨ। ਹਾਲਾਂਕਿ ਮੌਜੂਦਾ ਤਨਖਾਹ ਸਫਾਈ ਸੇਵਕਾਂ ਲਈ 3 ਹਜ਼ਾਰ ਤੇ ਚੌਕੀਦਾਰਾਂ ਲਈ 5 ਹਜ਼ਾਰ ਰੁਪਏ ਹੈ। ਇਸ ਮਾਮਲੇ ਨੂੰ ਲੈ ਕੇ ਵਿਜੇ ਪਾਲ ਬਿਲਾਸਪੁਰ, ਸੂਬਾ ਪ੍ਰਧਾਨ, ਦਰਜਾਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਰਜਿ. 252/2023 ਨੇ ਕਿਹਾ ਕਿ ਸੰਵਿਧਾਨ ਦੇ ਧਾਰਾ 14 ਤੇ 16 ਤਹਿਤ ਬਰਾਬਰੀ ਦਾ ਅਧਿਕਾਰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਪੁੱਛਿਆ ਕਿ ਫਿਰ ਸਰਕਾਰ ਤੇ ਵਿਭਾਗ ਕੱਚੇ ਸੇਵਾਦਾਰਾਂ ਤੇ ਚੌਕੀਦਾਰਾਂ ਦਾ ਸ਼ੋਸਣ ਕਿਉਂ ਕਰ ਰਹੀ ਹੈ। ਵਿਜੇ ਪਾਲ ਬਿਲਾਸਪੁਰ ਨੇ ਦੱਸਿਆ ਕਿ ਪਨਬਸ ਅਤੇ ਪੀਆਰਟੀਸੀ ਵਿਭਾਗ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਬਰਾਬਰ ਕੰਮ ਬਰਾਬਰ ਤਨਖਾਹ ਦਾ ਹੁਕਮ ਜਾਰੀ ਕੀਤਾ ਹੈ। ਜਥੇਬੰਦੀ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਮਿਲੇਗੀ। ਇਸ ਮੌਕੇ ਸੋਮਪਾਲ (ਅੰਮ੍ਰਿਤਸਰ ਸਾਹਿਬ, ਪੰਜਾਬ ਕਮੇਟੀ ਮੈਂਬਰ ਅਤੇ ਖਜ਼ਾਨਚੀ), ਬਿੰਦਰ ਸਿੰਘ (ਪੰਜਗਰਾਈਂ ਸਟੇਜ ਸਕੱਤਰ ਪੰਜਾਬ), ਮਹਿੰਦਰਪਾਲ ਸਿੰਘ (ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ), ਅੰਗਰੇਜ਼ ਸਿੰਘ ਬਹਿਲਾਂ (ਜ਼ਿਲ੍ਹਾ ਪ੍ਰਧਾਨ ਤਰਨਤਾਰਨ), ਗੁਰਮੀਤ ਸਿੰਘ ਸੰਧੂ (ਸਾਬਕਾ ਜ਼ਿਲ੍ਹਾ ਪ੍ਰਧਾਨ) ਸਮੇਤ ਹੋਰ ਆਗੂ ਵੀ ਮੌਜੂਦ ਸਨ। ਕਰਮਚਾਰੀਆਂ ਅਤੇ ਆਗੂਆਂ ਨੇ ਉਮੀਦ ਜਤਾਈ ਕਿ ਜਲਦੀ ਹੀ ਕੱਚੇ ਕਰਮਚਾਰੀਆਂ ਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇਣ ਦੀ ਕਾਰਵਾਈ ਕੀਤੀ ਜਾਵੇਗੀ।