- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਪਸ਼ਨ: ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਡਾ. ਜਸਵਿੰਦਰ ਕੌਰ ਸੋਹਲ

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ. ਕੋਟਫੱਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਸ਼ਮੀਰ ਦੇ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੌਰਾਨ ਰਾਮਾਂ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀਆਂ ਲਗਭਗ 30 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ 'ਧੀ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਸਮਾਜਿਕ ਤੇ ਸਿੱਖਿਆ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਾ. ਜਸਵਿੰਦਰ ਕੌਰ ਸੋਹਲ (ਚੇਅਰ ਪਰਸਨ, ਹਿਊਮਨ ਰਾਈਟਸ ਕਮਿਸ਼ਨ, ਪੰਜਾਬ) ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਦੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ, ਉਨ੍ਹਾਂ ਦੀਆਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਚਾਰ ਕਿਤਾਬਾਂ ਤੇ ਖਾਸ ਕਰਕੇ ਪੰਜਾਬੀ ਨਾਟਕ ਦਾ ਨਾਰੀਵਾਦੀ ਅਧਿਐਨ ਪੁਸਤਕ ਦੀ ਖਾਸ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਡਾ. ਮਨੋਰਮਾ ਸਮਾਗ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸੀਨੀਅਰ ਮੋਸਟ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ ਹਨ। ਉਨ੍ਹਾਂ ਦੇ ਲਮੇਰੇ ਤਜਰਬੇ ਤੇ ਦੂਰਅੰਦੇਸ਼ੀ ਸੋਚ ਤੇ ਨਿਰਣਾਇਕ ਸ਼ਖ਼ਸੀਅਤ ਕਾਰਨ 2021 ਤੋਂ ਉਨ੍ਹਾਂ ਨੂੰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੀ ਪ੍ਰਿੰਸੀਪਲਸ਼ਿਪ ਨਾਲ ਵੀ ਨਿਵਾਜਿਆ ਗਿਆ ਹੈ, ਉਹ ਇਸ ਸਕੂਲ ਵਿਖੇ ਕਾਲਜ ਤੋਂ ਆਨ-ਡਿਊਟੀ ਸੇਵਾਵਾਂ ਨਿਭਾਅ ਰਹੇ ਹਨ। ਡਾ. ਮਨੋਰਮਾ ਸਮਾਗ ਦੇ ਲਗਭਗ ਦੋ ਦਰਜਨ ਤੋਂ ਵਧੀਕ ਵੱਖ-ਵੱਖ ਪੁਸਤਕਾਂ ਵਿਚ ਆਰਟੀਕਲ ਛਪ ਚੁੱਕੇ ਹਨ। ਉਨ੍ਹਾਂ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਸੈਮੀਨਾਰਾਂ ਵਿਚ ਪੇਪਰ ਪੜ੍ਹੇ ਹਨ, ਵੱਖ-ਵੱਖ ਸਮੇਂ ’ਤੇ ਨਾਮਵਰ ਯੂਨੀਵਰਸਿਟੀਆਂ ’ਚ ਵਰਕਸ਼ਾਪ, ਓਰੀਐਂਟਲ, ਰਿਫਰੈਸ਼ਰ ਕੋਰਸ, ਟ੍ਰੇਨਿੰਗ ਕੈਂਪ ਆਦਿ ਲਗਾਏ ਹਨ। ਡਾ. ਸੋਹਲ ਨੇ ਕਿਹਾ ਕਿ ਡਾ. ਮਨੋਰਮਾ ਸਮਾਗ ਦੇ ਸਮਰਪਣ ਤੇ ਮਿਹਨਤ ਨਾਲ ਉਨ੍ਹਾਂ ਦੇ ਅਧੀਨ ਵਿਦਿਆਰਥੀਆਂ ਨੇ ਯੂਜੀਸੀ ਨੈੱਟ, ਪੀਐੱਚਡੀ ਤੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਸਥਾਨ ਹਾਸਲ ਕੀਤੇ। ਹੁਣ ਬਤੌਰ ਸਕੂਲ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਉਹਨਾਂ ਨੇ ਸਕੂਲ ਨੂੰ ਉਚ-ਪੱਧਰ ’ਤੇ ਲਿਜਾਣ, ਵਿਦਿਆਰਥੀਆਂ ਦੀ ਤਰੱਕੀ ਲਈ ਕੀਤੇ ਕੰਮਾਂ ਅਤੇ ਸਕੂਲ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।
ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਇਸ ਸਨਮਾਨ ਲਈ ਰਾਮਾ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਦੀ ਟੀਮ ਦਾ ਧੰਨਵਾਦ ਕੀਤਾ। ਇਸ ਦੌਰਾਨ ਡਾ. ਸੋਹਲ ਨੇ ਆਪਣਾ ਸਨਮਾਨ ਪ੍ਰਬੰਧਕੀ ਬੋਰਡ ਦੇ ਚਿੰਨ੍ਹ ਨਾਲ-ਨਾਲ ਡਾ. ਮਨੋਰਮਾ ਸਮਾਗ (ਸੀਨੀਅਰ ਮੋਸਟ ਐਸੋਸੀਏਟ ਪ੍ਰੋਫੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ) ਤੋਂ ਪ੍ਰਾਪਤ ਕਰਨ ’ਚ ਦਿਲਚਸਪੀ ਦਿਖਾਈ ਤੇ ਮਾਣ ਮਹਿਸੂਸ ਕੀਤਾ।