ਕਾਰ ਸਵਾਰ ਨਾਲ ਲੁੱਟਖੋਹ, ਦੋ ਕਾਬੂ
ਕਾਰ ਸਵਾਰ ਨਾਲ ਲੁੱਟਖੋਹ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
Publish Date: Wed, 11 Mar 2026 05:13 PM (IST)
Updated Date: Thu, 12 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਸਥਾਨਕ ਰੇਲਵੇ ਸਟੇਸ਼ਨ ਨੇੜੇ ਕਾਰ ਸਵਾਰ ਵਿਅਕਤੀ ਨਾਲ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਕਰੀਬ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਵਾਸੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਰੇਲਵੇ ਸਟੇਸ਼ਨ ਵੱਲ ਆ ਰਿਹਾ ਸੀ। ਇਸ ਦੌਰਾਨ ਤਿੰਨ ਅਣਪਛਾਤੀਆਂ ਕੁੜੀਆਂ ਨੇ ਉਸ ਨੂੰ ਰੁਕਣ ਲਈ ਇਸ਼ਾਰਾ ਕੀਤਾ। ਲੜਕੀਆਂ ਦੇ ਕਹਿਣ ‘ਤੇ ਜਿਵੇਂ ਹੀ ਉਸ ਨੇ ਕਾਰ ਰੋਕੀ ਤਾਂ ਉਨ੍ਹਾਂ ਨੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਇਸੇ ਦੌਰਾਨ ਤਿੰਨ ਹੋਰ ਅਣਪਛਾਤੇ ਵਿਅਕਤੀ ਉੱਥੇ ਆ ਗਏ, ਜਿਨ੍ਹਾਂ ਨੇ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ। ਪਰਸ ’ਚ 790 ਰੁਪਏ ਨਕਦ ਅਤੇ ਬੈਂਕ ਦਾ ਏਟੀਐਮ ਕਾਰਡ ਸੀ। ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਲਾਲ ਸਿੰਘ ਬਸਤੀ ਵਾਸੀ ਸੁਖਪ੍ਰੀਤ ਸਿੰਘ ਅਤੇ ਪਰਸ ਰਾਮ ਨਗਰ ਵਾਸੀ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਇਕ ਮਹਿਲਾ ਦੀ ਪਛਾਣ ਜੋਤੀ ਦੇ ਤੌਰ ‘ਤੇ ਹੋਈ ਹੈ, ਜਦਕਿ ਹੋਰ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਜਾਂਚ ਕਰ ਰਹੇ ਐੱਸਐੱਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।