ਡੀਸੀ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾਵਾਂ ਸਨਮਾਨਿਤ
ਡਿਪਟੀ ਕਮਿਸ਼ਨਰ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਸਨਮਾਨ
Publish Date: Wed, 11 Mar 2026 05:11 PM (IST)
Updated Date: Thu, 12 Mar 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ,। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀਸੀ ਰਾਜੇਸ਼ ਧੀਮਾਨ ਨੇ ਲੋਕਤੰਤਰੀ ਪ੍ਰਕਿਰਿਆ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਵਿਧਾਨ ਸਭਾ ਹਲਕੇ ਵਿੱਚੋਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰ ਜਸਵੀਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ, ਮੋਨਿਕਾ ਰਾਣੀ ਅਤੇ ਜਸਵਿੰਦਰ ਕੌਰ ਦੀ ਸਖ਼ਤ ਮਿਹਨਤ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਲਈ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਜ਼ਮੀਨੀ ਪੱਧਰ ਤੇ ਸਫ਼ਲ ਬਣਾਉਣ ਵਿਚ ਮਹਿਲਾ ਬੀਐੱਲਓਜ਼ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਚੋਣਾਂ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਤੋਂ ਲੈ ਕੇ ਵੋਟਰ ਜਾਗਰੂਕਤਾ ਤੱਕ ਮਹਿਲਾ ਕਰਮਚਾਰੀਆਂ ਨੇ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਔਰਤਾਂ ਦਾ ਸਤਿਕਾਰ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਲਾਜ਼ਮੀ ਹੈ। ਇਸ ਮੌਕੇ ਤਹਿਸੀਲਦਾਰ ਚੋਣਾਂ ਮੈਡਮ ਹਰਜਿੰਦਰ ਕੌਰ ਅਤੇ ਚੋਣ ਸ਼ਾਖਾ ਦੇ ਹੋਰ ਕਰਮਚਾਰੀ ਆਦਿ ਹਾਜ਼ਰ ਸਨ।