15 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ 270 ਪੋਸਟਾਂ ਦੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ
Publish Date: Wed, 11 Mar 2026 04:38 PM (IST)
Updated Date: Thu, 12 Mar 2026 04:01 AM (IST)
ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਥੂਹੀ ਵਲੋਂ ਦੱਸਿਆ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਕੱਢੀ ਗਈ ਐੱਮਪੀਐੱਚਡਬਲਯੂ ਮੇਲ ਦੀਆਂ 270 ਅਸਾਮੀਆਂ ਦਾ ਪੇਪਰ ਲਿਆ ਗਿਆ ਸੀ, ਤੇ ਉਸ ਦਾ ਨਤੀਜਾ ਵੀ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ, ਪਰ ਅਜੇ ਤਕ ਚੁਣੇ 270 ਵਰਕਰਾਂ ਨੂੰ ਜੁਆਇੰਨਿੰਗ ਲੈਟਰ ਜਾਰੀ ਨਹੀਂ ਕੀਤੇ ਗਏ। ਹਾਲਾਂਕਿ ਸਿਹਤ ਵਿਭਾਗ ਵਿੱਚ ਮੈਦਾਨੀ ਪੱਧਰ ’ਤੇ ਕਰਮਚਾਰੀਆਂ ਦੀ ਭਾਰੀ ਘਾਟ ਹੈ ਤੇ ਦੂਜੇ ਪਾਸੇ ਮੈਰਿਟ ਅਨੁਸਾਰ ਚੁਣੇ ਗਏ ਉਮੀਦਵਾਰ ਬਿਨਾਂ ਕਿਸੇ ਵਜ੍ਹਾ ਦੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਇਹ ਸਥਿਤੀ ਨਾ ਸਿਰਫ਼ ਉਮੀਦਵਾਰਾਂ ਨਾਲ ਅਨਿਆਂ ਹੈ, ਸਗੋਂ ਸਰਕਾਰੀ ਸਿਹਤ ਸੇਵਾਵਾਂ ’ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਹੀ ਹੈ, ਅਸੀਂ ਇਸ ਸਬੰਧੀ ਵਾਰ ਵਾਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਮਿਲ ਕੇ ਆਪਣੀ ਮੰਗ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਲਗਾਤਾਰ ਨਿਯੁਕਤੀ ਪੱਤਰ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਲਈ ਅਸੀਂ ਮੈਰਿਟ ਸੂਚੀ ’ਚ ਸ਼ਾਮਲ ਸਾਰੇ ਯੋਗ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ 15 ਮਾਰਚ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਜਾਇਜ ਮੰਗਾਂ ਜਲਦ ਤੋਂ ਜਲਦ ਹੱਲ ਕਰਵਾਈਆਂ ਜਾ ਸਕਣ।
ਇਸ ਮੌਕੇ ਰਾਜ ਸੰਗਤੀਵਾਲਾ, ਨਾਹਰ ਸਿੰਘ, ਲਖਵਿੰਦਰ ਸਿੰਘ, ਸਾਹਿਬ ਸਿੰਘ, ਰਵਿੰਦਰ ਸਿੰਘ ਅਜਨਾਲਾ, ਨੀਰਜ ਕੁਮਾਰ, ਵਿਕਰਮ ਫਿਰੋਜ਼ਪੁਰ, ਨਵਦੀਪ ਸਿੰਘ, ਸਵਰਨਾ ਸਿੰਘ ਮਹਿਰਾਜ, ਗਗਨਦੀਪ ਸਿੰਘ, ਹਰਮਨ ਸਿੰਘ, ਦੀਪ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਮੇਜਰ ਪਾਤੜਾਂ, ਮਨਦੀਪ ਝੁਨੀਰ, ਹਰਕੀਰਤ ਸਿੰਘ, ਸਤਵੀਰ ਸਿੰਘ, ਭੁਪਿੰਦਰ ਸੁਨਾਮ, ਗੁਰਪਿਆਰ ਸਿੰਘ ਮਾਨਸਾ ਆਦਿ ਹਾਜ਼ਰ ਸਨ।