ਪਿਓ-ਪੁੱਤ ’ਤੇ ਤਲਵਾਰਾਂ ਨਾਲ ਹਮਲਾ, ਦੋਵੇਂ ਜ਼ੇਰੇ ਇਲਾਜ
ਦੁਕਾਨ ਬੰਦ ਕਰ ਰਹੇ ਪਿਓ ਪੁੱਤ ’ਤੇ ਤਲਵਾਰਾਂ ਨਾਲ ਹਮਲਾ
Publish Date: Tue, 10 Mar 2026 06:37 PM (IST)
Updated Date: Wed, 11 Mar 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਅੰਦਰ ਕੁੱਟਮਾਰ ਅਤੇ ਲੁੱਟਖੋ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਅਜਿਹੀਆਂ ਵਾਰਦਾਤਾਂ ਵਾਪਰਨ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੋਮਵਾਰ ਸ਼ਾਮ ਸਮੇਂ ਦੁਕਾਨ ਬੰਦ ਕਰ ਰਹੇ ਪਿਓ ਪੁੱਤਰ ਉੱਪਰ ਅਣਪਛਾਤੇ ਨੌਜਵਾਨਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਪਿਓ ਪੁੱਤਰ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਬਾਂਸਲ ਅਤੇ ਉਸ ਦਾ ਪਿਤਾ ਗਿਰਧਾਰੀ ਲਾਲ ਬਾਂਸਲ ਬੀਬੀ ਵਾਲਾ ਰੋਡ ’ਤੇ ਕਰਿਆਨਾ ਸਟੋਰ ਚਲਾਉਂਦੇ ਹਨ। ਹਰ ਰੋਜ਼ ਵਾਂਗ ਸੋਮਵਾਰ ਸ਼ਾਮ ਸਮੇਂ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਰਹੇ ਸਨ ਤਾਂ ਅਚਾਨਕ ਹੀ ਦੋ ਨੌਜਵਾਨਾਂ ਨੇ ਉਨ੍ਹਾਂ ਉੱਪਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਜਖਮੀ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਦੁਕਾਨ ਮਾਲਕ ਸੁਰੇਸ਼ ਬਾਂਸਲ ਆਪਣੀ ਦੁਕਾਨ ਬੰਦ ਕਰਨ ਲੱਗਦੇ ਹੋਏ ਜਦੋਂ ਕਿ ਉਸਦਾ 83 ਸਾਲਾ ਪਿਤਾ ਗਿਰਧਾਰੀ ਲਾਲ ਕੋਲ ਖੜਾ ਹੈ। ਇਸ ਦੌਰਾਨ ਦੋ ਨੌਜਵਾਨ ਤਲਵਾਰ ਲੈ ਕੇ ਆਉਦੇ ਹਨ ਅਤੇ ਸੁਰੇਸ਼ ’ਤੇ ਹਮਲਾ ਕਰ ਦਿੰਦੇ ਹਨ। ਜਦੋਂ ਉਸਦਾ ਪਿਤਾ ਆਪਣੇ ਪੁੱਤਰ ਦੇ ਬਚਾਅ ਵਿਚ ਅੱਗੇ ਆਉਦਾ ਹੈ ਤਾਂ ਉਸ ਉੰਪਰ ਵੀ ਹਮਲਾ ਕੀਤਾ ਜਾਂਦਾ ਹੈ। ਰੌਲਾ ਸੁਣ ਕੇ ਜਦੋਂ ਆਸੇ ਪਾਸੇ ਦੇ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਦੋਵੇਂ ਨੌਜਵਾਲ ਮੌਕੇ ਤੋਂ ਫਰਾਰ ਹੋ ਗਏ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਸਿਵਲ ਲਾਈਨ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਵਿਚ ਲੱਗੀ ਹੋਈ ਹੈ।