- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਵਿਰੋਧੀ ਸੁਨੇਹੇ ਨਾਲ ਬਾਲਿਆਂਵਾਲੀ ਵਿੱਚ ਕਬੱਡੀ ਕੱਪ 12 ਤੋਂ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ. ਰਾਮਪੁਰਾ ਫੂਲ
ਨਸ਼ਾ ਵਿਰੋਧੀ ਕਮੇਟੀ ਬਾਲਿਆਂਵਾਲੀ, ਐਨਆਰਆਈ ਅਤੇ ਫੌਜੀ ਭਰਾਵਾਂ ਵੱਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 12 ਅਤੇ 13 ਮਾਰਚ ਨੂੰ ਬਾਲਿਆਂਵਾਲੀ ਵਿਖੇ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪਿੰਡ ਵਿੱਚ ਖੇਡ ਮੇਲੇ ਵਰਗਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਕਮੇਟੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ ਅਤੇ ਕੁਲਦੀਪ ਸਿੰਘ ਕਾਲਾ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। 12 ਮਾਰਚ ਨੂੰ 43 ਕਿੱਲੋ ਵਰਗ (ਨਿਰੋਲ) ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਇਸ ਵਰਗ ਵਿੱਚ ਪਹਿਲਾ ਇਨਾਮ 7,100 ਰੁਪਏ ਅਤੇ ਦੂਜਾ ਇਨਾਮ 5,100 ਰੁਪਏ ਰੱਖਿਆ ਗਿਆ ਹੈ, ਜਦਕਿ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਇਕ-ਇਕ ਐੱਲਈਡੀ ਇਨਾਮ ਵਜੋਂ ਦਿੱਤੀ ਜਾਵੇਗੀ। ਇਸੇ ਦਿਨ 75 ਕਿਲੋ ਵਰਗ (ਦੋ ਖਿਡਾਰੀ ਬਾਹਰੋਂ) ਦੇ ਮੈਚ ਵੀ ਹੋਣਗੇ, ਜਿਸ ਵਿੱਚ ਪਹਿਲਾ ਇਨਾਮ 21,000 ਰੁਪਏ ਅਤੇ ਦੂਜਾ ਇਨਾਮ 15,000 ਰੁਪਏ ਹੋਵੇਗਾ। ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਇਕ-ਇਕ ਰੇਂਜਰ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ 13 ਮਾਰਚ ਨੂੰ ਲੜਕੀਆਂ ਦੀਆਂ ਚਾਰ ਟੀਮਾਂ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ, ਜਿਸ ਨਾਲ ਮਹਿਲਾ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਵੱਡਾ ਮੌਕਾ ਮਿਲੇਗਾ। ਇਸ ਵਰਗ ਵਿੱਚ ਪਹਿਲਾ ਇਨਾਮ 21,000 ਰੁਪਏ ਅਤੇ ਦੂਜਾ ਇਨਾਮ 15,000 ਰੁਪਏ ਰੱਖਿਆ ਗਿਆ ਹੈ, ਜਦਕਿ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਪੰਜ–ਪੰਜ ਕਿੱਲੋ ਬਦਾਮ ਇਨਾਮ ਵਜੋਂ ਦਿੱਤੇ ਜਾਣਗੇ। ਦਰਸ਼ਕਾਂ ਦੇ ਮਨੋਰੰਜਨ ਲਈ 40 ਸਾਲ ਤੋਂ ਉੱਪਰ ਦੇ ਖਿਡਾਰੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ, ਜਿਸ ਨਾਲ ਪੁਰਾਣੇ ਖਿਡਾਰੀਆਂ ਦੀ ਕਾਬਲੀਅਤ ਨੂੰ ਵੀ ਦੇਖਣ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਕਬੱਡੀ ਓਪਨ ਵਰਗ (ਤਿੰਨ ਖਿਡਾਰੀ ਬਾਹਰੋਂ) ਦੇ ਮੁਕਾਬਲੇ ਟੂਰਨਾਮੈਂਟ ਦਾ ਕੇਂਦਰੀ ਆਕਰਸ਼ਣ ਹੋਣਗੇ। ਓਪਨ ਵਰਗ ਵਿੱਚ ਪਹਿਲਾ ਇਨਾਮ 81,000 ਰੁਪਏ ਤੇ ਦੂਜਾ ਇਨਾਮ 61,000 ਰੁਪਏ ਰੱਖਿਆ ਗਿਆ ਹੈ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਇਕ-ਇਕ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਵਰਗਾਂ ਵਿੱਚ ਵੱਧ ਤੋਂ ਵੱਧ 32-32 ਟੀਮਾਂ ਦੀ ਐਂਟਰੀ 10 ਮਾਰਚ ਤੱਕ ਸਵੀਕਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ, ਪਾਣੀ, ਬੈਠਕ ਅਤੇ ਪ੍ਰਬੰਧਾਂ ਲਈ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ ਤਾਂ ਜੋ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਇਸ ਖੇਡ ਮੇਲੇ ਵਿੱਚ ਹਿੱਸਾ ਲੈਣ ਅਤੇ ਖੇਡਾਂ ਰਾਹੀਂ ਤੰਦਰੁਸਤ ਸਮਾਜ ਦੀ ਨਿਰਮਾਣ ਵਿੱਚ ਯੋਗਦਾਨ ਪਾਉਣ। ਇਸ ਮੌਕੇ ਸਮੂਹ ਨੌਜਵਾਨ, ਖੇਡ ਪ੍ਰੇਮੀ ਅਤੇ ਪ੍ਰਬੰਧਕ ਹਾਜ਼ਰ ਸਨ।