ਭਾਸ਼ਣ ਮੁਕਾਬਲਾ ਦੌਰਾਨ ਡਾ. ਬਲਜਿੰਦਰ ਕੌਰ ਨੂੰ ਯਾਦਚਿੰਨ੍ਹ ਭੇਟ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ
Publish Date: Tue, 10 Mar 2026 06:06 PM (IST)
Updated Date: Wed, 11 Mar 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਵਿਗਿਆਨ ਵਿਭਾਗ, ਕੰਪਿਊਟਰ ਵਿਭਾਗ ਅਤੇ ਐਨਐਸਐਸ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵਿਸਥਾਰ ਭਾਸ਼ਣ ਕਰਵਾਇਆ ਗਿਆ। ਇਸ ਸਾਲ ਦੇ ਥੀਮ “ਵਿਗਿਆਨ ਵਿਚ ਮਹਿਲਾਵਾਂ: ਵਿਕਸਿਤ ਭਾਰਤ ਦੀ ਪ੍ਰੇਰਕ ਸ਼ਕਤੀ” ਦੇ ਅਨੁਸਾਰ ਇਹ ਪ੍ਰੇਰਣਾਦਾਇਕ ਲੈਕਚਰ ਕਰਵਾਇਆ ਗਿਆ, ਜਿਸ ਦਾ ਉਦੇਸ਼ ਵਿਦਿਆਰਥਣਾਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਸੀ। ਇਸ ਮੌਕੇ ਫਿਜ਼ਿਕਸ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਬਲਜਿੰਦਰ ਕੌਰ (ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ, ਤਲਵੰਡੀ ਸਾਬੋ) ਨੇ “ਸਟੈਮ (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿਚ ਮਹਿਲਾਵਾਂ ਦੀ ਭੂਮਿਕਾ” ਵਿਸ਼ੇ ‘ਤੇ ਵਿਸਥਾਰ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੇ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਅੱਜ ਦੇ ਸਮੇਂ ਵਿੱਚ ਉਹ ਖੋਜ, ਨਵੀਨਤਾ ਅਤੇ ਤਕਨੀਕੀ ਵਿਕਾਸ ਵਿੱਚ ਅਗੇਤੀ ਭੂਮਿਕਾ ਨਿਭਾ ਰਹੀਆਂ ਹਨ।
ਉਨ੍ਹਾਂ ਨੇ ਭਾਰਤ ਦੀਆਂ ਪ੍ਰਸਿੱਧ ਮਹਿਲਾ ਵਿਗਿਆਨੀਆਂ ਜਿਵੇਂ ਕਿ ਡਾ. ਜਨਕੀ ਅੰਮਲ, ਡਾ. ਕਲਪਨਾ ਚਾਵਲਾ ਅਤੇ ਡਾ. ਅਸੀਮਾ ਚਾਟਰਜੀ ਦੇ ਵਿਗਿਆਨਕ ਯੋਗਦਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਨਾਲ ਵਿਗਿਆਨ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ। ਡਾ. ਬਲਜਿੰਦਰ ਕੌਰ ਨੇ ਭਾਰਤ ਸਰਕਾਰ ਵੱਲੋਂ ਮਹਿਲਾ ਵਿਗਿਆਨੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਖੋਜ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਭਾਸ਼ਣ ਤੋਂ ਬਾਅਦ ਵਿਦਿਆਰਥਣਾਂ ਨਾਲ ਇੱਕ ਸੰਖੇਪ ਪ੍ਰਸ਼ਨ–ਉੱਤਰ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਵਿਗਿਆਨ ਅਤੇ ਖੋਜ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਵਾਲ ਪੁੱਛੇ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਵੱਲੋਂ ਡਾ. ਬਲਜਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।