ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਦੌਰਾਨ ਕੀਤੀ ਔਰਤਾਂ ਦੀ ਜਾਂਚ
ਸਿਵਲ ਹਸਪਤਾਲ ਵਿਖੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਲਾਇਆ
Publish Date: Tue, 10 Mar 2026 05:57 PM (IST)
Updated Date: Wed, 11 Mar 2026 04:07 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਿਵਲ ਹਸਪਤਾਲ ਰਾਮਾਂ ਵਿਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਗਿਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਲਗਾਏ ਗਏ ਇਸ ਕੈਂਪ ’ਚ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਦੀ ਜਾਂਚ ਸਮਾਰਟ ਸਕੋਪ ਤਕਨੀਕ ਰਾਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਕੇਵਲ ਕਰੀਬ 5 ਮਿੰਟ ਵਿਚ ਟੈਸਟ ਹੋ ਜਾਂਦਾ ਹੈ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦਾ ਇੰਜੈਕਸ਼ਨ ਨਹੀਂ ਲਗਾਇਆ ਜਾਂਦਾ। ਇਹ ਤਕਨੀਕ ਮਸਨੂਈ ਬੁੱਧੀ (ਏਆਈ) ਨਾਲ ਲੈਸ ਹੈ, ਜਿਸ ਨਾਲ ਬਿਮਾਰੀ ਦਾ ਪਤਾ ਸ਼ੁਰੂਆਤੀ ਪੜਾਅ ਵਿੱਚ ਹੀ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ 30 ਤੋਂ 45 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਹਰ ਤਿੰਨ ਸਾਲ ਬਾਅਦ ਅਤੇ 45 ਤੋਂ 65 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਹਰ ਪੰਜ ਸਾਲ ਬਾਅਦ ਇਹ ਟੈਸਟ ਕਰਵਾਉਣਾ ਚਾਹੀਦਾ ਹੈ। ਸਮਾਰਟ ਸਕੋਪ ਟੈਸਟ ਇੱਕ ਪ੍ਰਾਇਮਰੀ ਸਕ੍ਰੀਨਿੰਗ ਜਾਂਚ ਹੈ, ਜਿਸ ਨਾਲ ਬਿਮਾਰੀ ਦਾ ਪਤਾ ਸ਼ੁਰੂਆਤੀ ਪੜਾਅ ਵਿੱਚ ਲੱਗ ਸਕਦਾ ਹੈ। ਜੇਕਰ ਕਿਸੇ ਟੈਸਟ ਦੀ ਰਿਪੋਰਟ ਠੀਕ ਨਾ ਵੀ ਆਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਮੇਂ ’ਤੇ ਪਤਾ ਲੱਗਣ ਨਾਲ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਰਾਮਾਂ ਮੰਡੀ ਅਤੇ ਨੇੜਲੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 11 ਮਾਰਚ ਤੱਕ ਸਿਵਲ ਹਸਪਤਾਲ ਰਾਮਾਂ ਵਿੱਚ ਲਗ ਰਹੇ ਇਸ ਕੈਂਪ ਵਿੱਚ ਆ ਕੇ ਆਪਣੀ ਮੁਫ਼ਤ ਜਾਂਚ ਜ਼ਰੂਰ ਕਰਵਾਉਣ। ਇਸ ਮੌਕੇ ਡਾ. ਰਿਸ਼ੂ ਗਰਗ, ਏ.ਐਨ.ਐਮ. ਸ਼ਮਿੰਦਰਦੀਪ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਸਟਾਫ ਨਰਸ ਅਮਨਦੀਪ ਕੌਰ, ਆਸ਼ਾ ਵਰਕਰ ਹਰਵਿੰਦਰ ਕੌਰ, ਰਜਿੰਦਰ ਕੌਰ ਅਤੇ ਵਾਰਡ ਅਟੈਂਡੈਂਟ ਰਾਜਵਿੰਦਰ ਸਿੰਘ ਅਤੇ ਨੀਤੂ ਰਾਣੀ ਵੀ ਹਾਜ਼ਰ ਸਨ।