‘ਧੀ ਪੰਜਾਬ ਦੀ’ ਐਵਾਰਡ ਨਾਲ ਪ੍ਰਿੰਸੀਪਲ ਗੁਰਿੰਦਰ ਕੌਰ ਸਨਮਾਨਿਤ
ਪ੍ਰਿੰਸੀਪਲ ਗੁਰਿੰਦਰ ਕੌਰ ਦਾ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨ
Publish Date: Tue, 10 Mar 2026 05:36 PM (IST)
Updated Date: Wed, 11 Mar 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਰਾਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੂੰ ਸਿੱਖਿਆ ਖੇਤਰ ਵਿਚ ਬਤੌਰ ਪ੍ਰਿੰਸੀਪਲ ਉਨ੍ਹਾਂ ਦੀਆਂ ਲਗਭਗ 19 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਮਾਜਿਕ ਤੇ ਸਿੱਖਿਆਕ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਾ. ਜਸਵਿੰਦਰ ਕੌਰ ਸੋਹਲ ਚੇਅਰਪਰਸਨ ਹਿਊਮਨ ਰਾਈਟਸ ਪੰਜਾਬ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪ੍ਰਿੰਸੀਪਲ ਗੁਰਿੰਦਰ ਕੌਰ ਦੇ ਸਿੱਖਿਆ ਖੇਤਰ ਵਿਚ ਕੀਤੇ ਯੋਗਦਾਨ, ਵਿਦਿਆਰਥੀਆਂ ਦੀ ਤਰੱਕੀ ਲਈ ਕੀਤੇ ਉਪਰਾਲਿਆਂ, ਸਕੂਲ ਦੇ ਵਿਕਾਸ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਬੀਬੀ ਸੋਹਲ ਨੇ ਕਿਹਾ ਕਿ ਗੁਰਿੰਦਰ ਕੌਰ ਨੇ ਆਪਣੇ ਸਮਰਪਣ ਅਤੇ ਮਿਹਨਤ ਨਾਲ ਸਕੂਲ ਨੂੰ ਇਕ ਉੱਚ ਪੱਧਰ ’ਤੇ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਇਸ ਸਨਮਾਨ ਲਈ ਰਾਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਐਵਾਰਡ ਉਨ੍ਹਾਂ ਲਈ ਹੋਰ ਵੀ ਜ਼ਿੰਮੇਵਾਰੀ ਨਾਲ ਸਿੱਖਿਆ ਖੇਤਰ ਵਿੱਚ ਕੰਮ ਕਰਨ ਦੀ ਪ੍ਰੇਰਣਾ ਹੈ।