ਬਠਿੰਡਾ ਕਾਲਜ ਆਫ ਲਾਅ ’ਚ ਕਰਵਾਏ ਮੁਕਾਬਲੇ ਕਰਵਾਏ
ਬਠਿੰਡਾ ਕਾਲਜ ਆਫ ਲਾਅ ਵਿਚ ਮੁਕਾਬਲੇ ਕਰਵਾਏ
Publish Date: Tue, 10 Mar 2026 05:16 PM (IST)
Updated Date: Wed, 11 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਕਾਲਜ ਆਫ ਲਾਅ ਬਠਿੰਡਾ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਮੌਕੇ ‘ਤੇ “ਨਸ਼ਾ ਘਟਾਉਣ ਵਿੱਚ ਮਹਿਲਾਵਾਂ ਦੀ ਭੂਮਿਕਾ” ਵਿਸ਼ੇ ‘ਤੇ ਸੈਮੀਨਾਰ ਅਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸੀਨੀਅਰ ਡਿਵੀਜ਼ਨ ਸਿਵਲ ਜੱਜ ਅਤੇ ਮੁੱਖ ਨਿਆਂਇਕ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਬਲਜਿੰਦਰ ਕੌਰ ਮਾਨ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਉਪ ਪ੍ਰਿੰਸੀਪਲ ਡਾ ਜਸਪ੍ਰੀਤ ਕੌਰ ਵੱਲੋਂ ਸੁਆਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਮੁੱਖ ਮਹਿਮਾਨ, ਕਾਲਜ ਦੇ ਚੇਅਰਮੈਨ ਵਕੀਲ ਮੋਹਨ ਲਾਲ ਗਰਗ, ਪ੍ਰਿੰਸੀਪਲ ਸਵਿਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਮਾਜ ਦੀ ਨਿਰਮਾਣ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਚਾਰ ਪ੍ਰਗਟਾਏ। ਮੁੱਖ ਮਹਿਮਾਨ ਬਲਜਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਜੀਵਨ ਦੇ ਸੰਘਰਸ਼ ਅਤੇ ਕਠਿਨ ਮਿਹਨਤ ਦੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥੀਆਂ ਲਈ ਨਾਰਾ ਲਿਖਣ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਨਾਰਾ ਲਿਖਣ ਮੁਕਾਬਲੇ ਵਿਚ ਬੀਏ ਐੱਲਐੱਲਬੀ ਚੌਥੇ ਸਮੈਸਟਰ ਦੀ ਵਿਦਿਆਰਥਣ ਅੰਜਲੀ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀਏਐੱਲਐੱਲਬੀ ਛੇਵੇਂ ਸਮੈਸਟਰ ਦੀ ਵਿਦਿਆਰਥਣ ਭਾਵਨਾ ਦੂਜੇ ਸਥਾਨ ‘ਤੇ ਰਹੀ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਬੀਏਐਲਐਲਬੀ ਦਸਵੇਂ ਸਮੈਸਟਰ ਦੇ ਵਿਦਿਆਰਥੀਆਂ ਭਾਵੇਸ਼, ਪਰਨੀਤ ਕੌਰ ਅਤੇ ਰਮਨੀਤ ਸਿੰਘ ਦੀ ਟੀਮ ਜੇਤੂ ਰਹੀ, ਜਦਕਿ ਬੀਏ ਐਲਐਲ.ਬੀ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਜੈਨੂਰ ਸਿੰਘ, ਹੁਸ਼ਨਪ੍ਰੀਤ ਕੌਰ ਅਤੇ ਦਿਲਸ਼ਾਨ ਸਿੰਘ ਦੀ ਟੀਮ ਦੂਜੇ ਸਥਾਨ ‘ਤੇ ਰਹੀ।