- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13 ਮਾਰਚ ਨੂੰ ਘੁੱਦਾ ਵਿਖੇ ਵਿਸ਼ਾਲ ਰੋਜ਼ਗਾਰ ਮੇਲਾ : ਡਿਪਟੀ ਕਮਿਸ਼ਨਰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ 13 ਮਾਰਚ ਦਿਨ ਸ਼ੁੱਕਰਵਾਰ ਨੂੰ ਪੰਜਾਬੀ ਯੂਨੀਵਰਸਿਟੀ ਕਾਲਜ ਨੇੜੇ ਸਪੋਰਟਸ ਸਕੂਲ ਘੁੱਦਾ ਵਿਖੇ ਵਿਸ਼ਾਲ ਰੁਜ਼ਗਾਰ ਮੇਲੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡੀਸੀ-ਕਮ-ਚੇਅਰਮੈਨ ਡੀਬੀਈਈ ਰਾਜੇਸ਼ ਧੀਮਾਨ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਦਾ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ’ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਹੁਨਰ ਅਤੇ ਯੋਗਤਾ ਦੇ ਅਨੁਸਾਰ ਨੌਕਰੀ ਪ੍ਰਾਪਤ ਕਰ ਸਕਣ। ਇਸ ਮੇਲੇ ’ਚ ਐੱਲਆਈਸੀ ਆਫ ਇੰਡੀਆ, ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਐਕਸਪਰਟ ਸਲਿਊਸ਼ਨ, ਏਵੀਸੀ ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਚੈਕਮੇਟ ਸਕਿਓਰਿਟੀ ਸਰਵਿਸਜ਼, ਸਕਾਈ ਅਚੀਵਰਸ, ਅਥਰਵਾ ਟੈੱਕ ਪ੍ਰਾਈਵੇਟ ਲਿਮਟਿਡ, ਪੇਅਟੀਐੱਮ, ਐਸਬੀਆਈ ਲਾਈਫ ਇੰਸੋਰੈਂਸ, ਅਗਰਵਾਲ ਗਲਾਸ ਵਰਕਸ, ਸ਼੍ਰੀਰਾਮ ਫਾਈਨਾਂਸ, ਇੰਦਰਾ ਇਨਫਰਾਟੈੱਕ ਪ੍ਰਾਈਵੇਟ ਲਿਮਟਿਡ, ਪੰਜਾਬ ਰੂਟਸ ਰਿਐਲਿਟੀ, ਦਵਾਰਾ ਲੋਨਸ ਅਤੇ ਗੋਲਡਨ ਸਕਿਓਰਿਟੀ ਸਰਵਿਸਜ਼ ਵਰਗੀਆਂ ਨਾਮਵਰ ਕੰਪਨੀਆਂ ਹਿੱਸਾ ਲੈਣਗੀਆਂ। ਇਸ ਸਬੰਧੀ ਏ਼਼ਡੀਸੀ (ਵਿਕਾਸ) ਕਮ ਸੀਈਓ ਡੀਬੀਈਈ ਮੈਡਮ ਕੰਚਨ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਐਡਵਾਈਜ਼ਰ, ਬੈਕਐਂਡ ਆਫਿਸ ਐਗਜੀਕਿਊਟਿਵ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜੀਕਿਊਟਿਵ, ਬਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪਿਊਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ, ਪ੍ਰੋਸੈਸ ਕੋਆਰਡੀਨੇਟਰ ਤੇ ਰਿਲੇਸ਼ਨਸ਼ਿਪ ਮੈਨੇਜਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਕੈਰੀਅਰ ਕੌਂਸਲਰ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਯੋਗਤਾ ਤੇ ਕੰਪਨੀ ਦੇ ਨਿਯਮਾਂ ਅਨੁਸਾਰ ਲਗਭਗ 10,000 ਰੁਪਏ ਤੋਂ ਲੈ ਕੇ 30,000 ਰੁਪਏ ਪ੍ਰਤੀ ਮਹੀਨਾ ਤਕ ਤਨਖਾਹ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਆਪਣੀ ਯੋਗਤਾ ਅਨੁਸਾਰ ਨੌਕਰੀ ਪ੍ਰਾਪਤ ਕਰਨ ਦਾ ਇਕ ਸੁਨਹਿਰੀ ਮੌਕਾ ਸਾਬਤ ਹੋਵੇਗਾ। ਇਸ ਮੌਕੇ ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਨਾਲ ਘੱਟੋ-ਘੱਟ ਚਾਰ ਕਾਪੀਆਂ ਸੀਵੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਤੇ ਆਧਾਰ ਕਾਰਡ ਲੈ ਕੇ 13 ਮਾਰਚ ਨੂੰ ਸਵੇਰੇ 10 ਵਜੇ ਪੰਜਾਬੀ ਯੂਨੀਵਰਸਿਟੀ ਕਾਲਜ ਨੇੜੇ ਸਪੋਰਟਸ ਸਕੂਲ ਪਿੰਡ ਘੁੱਦਾ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇੰਟਰਵਿਊ ਲਈ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਇਆ ਜਾਵੇ ਤੇ ਹੋਰ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇਨ ਕੀਤਾ ਜਾ ਸਕਦਾ ਹੈ।