ਗੁਰੂ ਕਾਸ਼ੀ ਸਕੂਲ ’ਚ ਬੱਚਿਆਂ ਦੇ ਦੰਦਾਂ ਦੀ ਕੀਤੀ ਜਾਂਚ
ਗੁਰੂ ਕਾਸ਼ੀ ਸਕੂਲ ‘ਚ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
Publish Date: Tue, 10 Mar 2026 04:46 PM (IST)
Updated Date: Wed, 11 Mar 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਇਲਾਕੇ ਦਾ ਇੱਕੋ-ਇਕ ਅਜਿਹਾ ਸਕੂਲ ਹੈ, ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਕਿਉਂਕਿ ਇਕ ਤੰਦਰੁਸਤ ਵਿਦਿਆਰਥੀ ਹੀ ਪੜ੍ਹਾਈ, ਖੇਡਾਂ ਤੇ ਹੋਰ ਖੇਤਰਾਂ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਵਿਖਾ ਸਕਦਾ ਹੈ। ਇਸੇ ਲੜੀ ਤਹਿਤ ਸਕੂਲ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਦੂਸਰੀ ਕਲਾਸ ਤਕ ਦੇ ਵਿਦਿਆਰਥੀਆਂ ਦਾ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਈਸ਼ ਸਿੰਗਲਾ ਤੇ ਡਾ. ਵਿਭਾ ਸਿੰਗਲਾ ਦੁਆਰਾ ਈਸ਼ ਡੈਂਟਲ ਕਲੀਨਿਕ ਕੋਟਕਪੂਰਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ। ਪ੍ਰਿੰਸੀਪਲ ਰਮਨ ਕੁਮਾਰ ਨੇ ਡਾਕਟਰੀ ਟੀਮ ਨੂੰ 'ਜੀ ਆਇਆਂ' ਆਖਿਆ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦ ਸਾਡੇ ਸਰੀਰ ਦਾ ਅਹਿਮ ਹਿੱਸਾ ਹਨ, ਇਨ੍ਹਾਂ ਦੀ ਦੇਖਭਾਲ ਕਰਨੀ ਅਤੀ ਜਰੂਰੀ ਹੈ ਇਸ ਲਈ ਸਾਨੂੰ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸ਼ਾਮ ਨੂੰ ਬੁਰਸ਼ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਦੰਦ ਕਿਟਾਣੂਆਂ ਤੋਂ ਰਹਿਤ ਹੋ ਸਕਣ ਤੇ ਨਾਲ ਹੀ ਚਾਕਲੇਟ ਅਤੇ ਟਾਫੀਆਂ ਆਦਿ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅੰਤ ਵਿੱਚ ਆਏ ਹੋਏ ਡਾਕਟਰ ਸਾਹਿਬਾਨਾਂ ਨੂੰ ਸਕੂਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦਾ ਸਟਾਫ ਵੀ ਹਾਜ਼ਰ ਸੀ।