ਗਰਮੀ ਦੌਰਾਨ ਸਹਾਰਾ ਟੀਮ ਕਰੇਗੀ ਠੰਢੇ ਪਾਣੀ ਦਾ ਪ੍ਰਬੰਧ
ਗਰਮੀ ਨੂੰ ਦੇਖਦਿਆਂ ਸਹਾਰਾ ਕਰੇਗਾ ਸ਼ਹਿਰ ’ਚ ਠੰਢੇ ਪਾਣੀ ਦਾ ਪ੍ਰਬੰਧ
Publish Date: Tue, 10 Mar 2026 04:40 PM (IST)
Updated Date: Wed, 11 Mar 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਸਹਾਰਾ ਜਨ ਸੇਵਾ ਦੀ ਗਰਮੀਆਂ ਵਿੱਚ ਠੰਢੇ ਪਾਣੀ ਦੀ ਵਿਵਸਥਾ ਲਈ ਇੱਕ ਵਿਸ਼ੇਸ਼ ਮੀਟਿੰਗ ਸਹਾਰਾ ਦੇ ਸਰਪਰਸਤ ਜਨਕ ਰਾਜ ਅਗਰਵਾਲ ਦੀ ਅਗਵਾਈ ਵਿੱਚ ਸਹਾਰਾ ਮੁੱਖ ਦਫਤਰ ਵਿੱਚ ਹੋਈ। ਮੀਟਿੰਗ ’ਚ ਗਰਮੀਆਂ ਲਈ ਬਠਿੰਡਾ ਸ਼ਹਿਰ ਵਿੱਚ ਬਠਿੰਡਾ ਰੇਲਵੇ ਸਟੇਸ਼ਨ, ਬਠਿੰਡਾ ਬੱਸ ਸਟੈਂਡ, ਸਿਵਲ ਹਸਪਤਾਲ ਅਤੇ ਸ਼ਹਿਰ ਦੇ ਹੋਰ ਪਬਲਿਕ ਸਥਾਨਾਂ ਤੇ ਬਰਫ਼ ਵਾਲੇ ਠੰਢੇ ਪਾਣੀ ਦੀ ਵਿਵਸਥਾ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ’ਚ ਸਹਾਰਾ ਦੇ ਚੇਅਰਮੈਨ ਪੰਕਜ ਸਿੰਗਲਾ, ਸਹਾਰਾ ਟੀਮ ਦੇ ਮੈਂਬਰ ਟੇਕ ਚੰਦ, ਜੱਗਾ, ਹਰਬੰਸ ਸਿੰਘ, ਤਿਲਕ ਰਾਜ, ਸੰਦੀਪ ਗਿੱਲ, ਰਾਜੇਂਦਰ ਕੁਮਾਰ, ਸੰਦੀਪ ਗੋਇਲ, ਵਿੱਕੀ ਕੁਮਾਰ, ਸੁਨੀਲ ਗਰਗ, ਸ਼ਾਮ ਮਿੱਤਲ, ਰਾਕੀ, ਜਸਕਰਨ ਮੋਖਾ ਤੇ ਹਰਮਨ ਸਿੰਘ ਹਾਜ਼ਰ ਸਨ। ਸਹਾਰਾ ਅਧਿਕਾਰੀ ਗੌਤਮ ਗੋਇਲ ਨੇ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਕੋਲ ਸਹਾਰਾ ਦਾ ਪਾਣੀ ਦਾ ਵੱਡਾ ਟੈਂਕਰ ਖੜਾ ਕੀਤਾ ਜਾਵੇਗਾ। ਬੱਸ ਅੱਡੇ ’ਤੇ ਵੀ ਟੈਂਕਰ ਖੜ੍ਹਾ ਕੀਤਾ ਜਾਵੇਗਾ ਤੇ ਸਿਵਲ ਹਸਪਤਾਲ ’ਚ 100 ਠੰਢੇ ਪਾਣੀ ਦੇ ਕੈਂਪਰ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਲਗਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਸਥਾਨਾਂ ਤੇ ਆਰਓ ਵਾਲੇ ਪਾਣੀ ਦੀ ਬਰਫ਼ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਪਾਣੀ ਕੂਲਰ ਵੀ ਲਗਵਾਏ ਗਏ ਹਨ ਅਤੇ ਹੋਰ ਸਥਾਨਾਂ ਤੇ ਵੀ ਪਾਣੀ ਕੂਲਰ ਲਗਵਾਉਣ ਦਾ ਪ੍ਰਸਤਾਵ ਹੈ। ਦੱਸਣਯੋਗ ਹੈ ਕਿ ਸਹਾਰਾ ਵੱਲੋਂ ਠੰਢਾ ਪਾਣੀ ਦੀ ਸੇਵਾ ਪਿਛਲੇ 30 ਸਾਲਾਂ ਤੋਂ ਕੀਤੀ ਜਾ ਰਹੀ ਹੈ। ਸਹਾਰਾ ਸੰਸਥਾਪਕ ਵਿਜੇ ਗੋਇਲ ਨੇ ਲੋਕਾਂ ਤੋਂ ਇਸ ਕਾਰਜ ਵਿੱਚ ਸਹਿਯੋਗ ਦੀ ਬੇਨਤੀ ਕੀਤੀ।