ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਲਾਠੀਚਾਰਜ ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਤੇ ਲਾਠੀਚਾਰਜ ਵਿਰੁੱਧ ਘੜੇ ਭੰਨ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Mon, 09 Mar 2026 07:19 PM (IST)
Updated Date: Tue, 10 Mar 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਕਰਾਰ ਦਿੰਦਿਆਂ ਤੇ ਚੰਡੀਗੜ੍ਹ ਬਾਰਡਰ ‘ਤੇ ਮੁਲਾਜ਼ਮਾਂ ‘ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਪੱਧਰ ‘ਤੇ ਘੜੇ ਭੰਨਣ ਦਾ ਐਕਸ਼ਨ ਕੀਤਾ ਗਿਆ। ਇਸੇ ਤਹਿਤ ਜ਼ਿਲ੍ਹਾ ਬਠਿੰਡਾ ਦੇ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਗਟਾਉਂਦੇ ਹੋਏ 11 ਘੜੇ ਭੰਨੇ। ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂ ਗਗਨਦੀਪ ਸਿੰਘ ਭੁੱਲਰ, ਹਰਨੇਕ ਸਿੰਘ ਗਹਿਰੀ, ਦਰਸ਼ਨ ਮੌੜ, ਗੁਰਮੇਲ ਸਿੰਘ, ਮਹਿੰਦਰ ਪਾਲ ਸਿੰਘ, ਜਤਿੰਦਰ ਕ੍ਰਿਸ਼ਨ, ਭੁਪਿੰਦਰ ਸਿੰਘ, ਰੂਪ ਸਿੰਘ, ਬਲਰਾਜ ਮੌੜ, ਕਿਸ਼ੋਰ ਗਾਜ ਅਤੇ ਬੂਟਾ ਸਿੰਘ (ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਟੇ ਭੱਤੇ ਮੁੜ ਜਾਰੀ ਕਰਨ, ਬਕਾਇਆ ਡੀਏ ਦੇਣ ਸਮੇਤ ਹੋਰ ਮੁਲਾਜ਼ਮ ਮੰਗਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਵੀ ਨਾਕਾਮ ਸਾਬਤ ਹੋ ਰਹੀ ਹੈ ਅਤੇ ਇਸ ਦੇ ਰਾਜ ਵਿਚ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ‘ਤੇ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ‘ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਭੋਡੀਪੁਰਾ, ਅਮਨਦੀਪ ਕੁਮਾਰ ਲੰਬੀ ਅਤੇ ਜਸਵਿੰਦਰ ਸ਼ਰਮਾ ਸਮੇਤ ਹੋਰ ਆਗੂ ਵੀ ਮੌਜੂਦ ਸਨ।