ਗੁਰੂ ਕਾਸ਼ੀ ’ਵਰਸਿਟੀ ਵੱਲੋਂ ਧੀਆਂ ਨੂੰ ਫ਼ੀਸ ਮਾਫ਼ੀ ਦਾ ਤੋਹਫ਼ਾ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬੇਟੀਆਂ ਨੂੰ ਫੀਸ ਮੁਆਫੀ ਦਾ ਤੋਹਫਾ
Publish Date: Mon, 09 Mar 2026 06:18 PM (IST)
Updated Date: Tue, 10 Mar 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਨਾਰੀ ਸਸ਼ਕਤੀਕਰਨ ਤੇ ਗਿਆਨ ਦੀ ਜੋਤ ਨੂੰ ਹੋਰ ਰੋਸ਼ਨ ਕਰਨ ਲਈ ਮਾਲਵੇ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਕਾਸ਼ੀ ’ਵਰਸਿਟੀ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਿਪਤ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਚਾਂਸਲਰ ਸਿੱਧੂ ਨੇ ਨਾਰੀ ਸ਼ਕਤੀ ਦੇ ਸਨਮਾਨ ’ਚ ਇਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਸੈਸ਼ਨ 2026–27 ਤੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੀਆਂ ਧੀਆਂ ਤੇ ਭੈਣਾਂ ਨੂੰ ਪੂਰੀ ਡਿਗਰੀ ਦੌਰਾਨ ਹਰ ਕੋਰਸ ’ਚ 25 ਫੀਸਦੀ ਫੀਸ ਮਾਫੀ ਦਿੱਤੀ ਜਾਵੇਗੀ। ਯੂਨੀਵਰਸਿਟੀ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਧੀਆਂ ਲਈ ਬੱਸ ਕਿਰਾਏ ਵਿੱਚ ਵੀ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ। ਨਾਰੀ ਸ਼ਕਤੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਾਰੀ ਸ੍ਰਿਸ਼ਟੀ ਦਾ ਮੂਲ ਆਧਾਰ ’ਤੇ ਇਲਾਹੀ ਸ਼ਕਤੀ ਦਾ ਪ੍ਰਤੀਕ ਹੈ। ਜਦੋਂ ਕਿਸੇ ਵੀ ਪਰਿਵਾਰ ਦੀ ਇਕ ਬੇਟੀ ਸਿੱਖਿਆ ਪ੍ਰਾਪਤ ਕਰਦੀ ਹੈ ਤਾਂ ਉਹ ਸਿਰਫ ਆਪਣੀ ਜ਼ਿੰਦਗੀ ਨਹੀਂ ਸੰਵਾਰਦੀ, ਸਗੋਂ ਉਸਦੀ ਸਿੱਖਿਆ ਦੀ ਰੋਸ਼ਨੀ ਨਾਲ ਪੂਰੇ ਪਰਿਵਾਰ ਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਭਵਿੱਖ ਰੌਸ਼ਨ ਹੋ ਜਾਂਦਾ ਹੈ। ਉਨ੍ਹਾਂ ਕੁੜੀਆਂ ਵੱਲੋਂ ਖੇਡਾਂ, ਸਿੱਖਿਆ, ਵਿਗਿਆਨ, ਪ੍ਰਬੰਧਨ ਅਤੇ ਹੋਰ ਅਨੇਕ ਖੇਤਰਾਂ ’ਚ ਪ੍ਰਾਪਤ ਕੀਤੀਆਂ ਉਪਲੱਬਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਦੀ ਨਾਰੀ ਕਿਸੇ ਵੀ ਪੱਖੋਂ ਪੁਰਸ਼ਾਂ ਨਾਲੋਂ ਘੱਟ ਨਹੀਂ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਨੂੰ ਉੱਚੀ ਸਿੱਖਿਆ ਦੇ ਮੌਕੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਅਤੇ ਨਾਰੀ ਸਸ਼ਕਤੀਕਰਨ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਕੀਤਾ।