ਅੱਖਾਂ ਲਈ ਸੰਤੁਲਿਤ ਖੁਰਾਕ ਤੇ ਵਿਟਾਮਿਨ ਏ ਜ਼ਰੂਰੀ : ਡਾ. ਕੱਕੜ
ਅੱਖਾਂ ਦੀ ਵਧੀਆਂ ਰੋਸ਼ਨੀ ਲਈ ਸੰਤੁਲਿਤ ਖੁਰਾਕ ਅਤੇ ਵਿਟਾਮਿਨ ਏ ਜ਼ਰੂਰੀ: ਡਾ. ਕੱਕੜ
Publish Date: Mon, 09 Mar 2026 05:33 PM (IST)
Updated Date: Tue, 10 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਵਿਸ਼ਵ ਗਲੁਕੋਮਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਵਲ ਹਸਪਤਾਲ ਵਿਖੇ ਅੱਖਾਂ ਦਾ ਮਾਹਿਰ ਡਾਕਟਰ ਡਿੰਪੀ ਕੱਕੜ ਵੱਲੋਂ ਸੰਗਤ ਹਸਪਤਾਲ ਵਿਖੇ ਲੋਕਾਂ ਨੂੰ ਜਾਗਰੂਕਤਾ ਜਾਣਕਾਰੀ ਦਿੱਤੀ ਗਈ ਅਤੇ ਅੱਖਾਂ ਦੀ ਜਾਂਚ ਵੀ ਕੀਤੀ ਗਈ।
ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਆਮ ਅਖਾਣ ਹੈ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ। ਉਨ੍ਹਾਂ ਕਿਹਾ ਕਿ ਅੱਖਾਂ ਦੀ ਵਧੀਆਂ ਰੋਸ਼ਨੀ ਲਈ ਸੰਤੁਲਿਤ ਖੁਰਾਕ ਅਤੇ ਵਿਟਾਮਿਨ ਏ ਜ਼ਰੂਰੀ ਹੋਣ ਦੇ ਨਾਲ-ਨਾਲ ਅੱਖਾਂ ਦੀ ਸਾਂਭ-ਸੰਭਾਲ ਵੱਲ ਖਾਸ ਧਿਆਨ ਦੇਣਾ ਵੀ ਜ਼ਰੂਰੀ ਹੈ। ਟੀਵੀ ਦੇਖਣ ਸਮੇਂ ਅੱਖਾਂ ਤੋਂ ਟੀਵੀ ਦੀ ਦੂਰੀ 3 ਮੀਟਰ ਰੱਖਣ ਤੇ ਕਿਤਾਬ ਪੜ੍ਹਨ ਮੌਕੇ ਅੱਖਾਂ ਤੋਂ ਕਿਤਾਬ ਦੀ ਦੂਰੀ ਘੱਟੋਂ ਘੱਟ 14 ਇੰਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੋਬਾਈਲ ਦੀ ਸਕਰੀਨ ਟਾਈਮ ਨੂੰ ਵੀ ਘਟਾਉਣ ਦੀ ਲੋੜ ਹੈ ਅਤੇ ਸਮੇਂ-ਸਮੇਂ ਤੇਂ ਅੱਖਾਂ ਦੀ ਨਿਗਾਹ ਦਾ ਨਿਯਮਤ ਚੈੱਕਅਪ ਕਰਵਾਉਣ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਭਾਰੀਆਂ-ਭਾਰੀਆਂ ਲੱਗਣ, ਪੂਰੇ ਦਿਨ ਦੇ ਕੰਮ ਮਗਰੋਂ ਅੱਖ ਜਾਂ ਸਿਰ ਵਿਚ ਦਰਦ ਹੋਵੇ, ਅੱਖਾਂ ਲਾਲ ਰਹਿਣ ਤੇ ਐਨਕ ਦਾ ਨੰਬਰ ਵਾਰ-ਵਾਰ ਬਦਲਣਾ ਪਵੇ ਤਾਂ ਇਹ ਗਲੋਕੋਮਾ ਜਾਂ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਅਜਿਹਾ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਵੇਲੇ ਸਿਰ ਜਾਂਚ ਕਰਾ ਲੈਣ ਨਾਲ ਕਾਲੇ ਮੋਤੀਏ ਦੇ ਮਾੜੇ ਅਸਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਾਲੇ ਮੋਤੀਏ ਦਾ ਸਹੀ ਸਮੇਂ ’ਤੇ ਇਲਾਜ ਨਾ ਹੋਵੇ ਤਾਂ ਅੰਨ੍ਹਾਪਣ ਵੀ ਹੋ ਸਕਦਾ ਹੈ ਜਾਂ ਨਿਗ੍ਹਾ ਕਾਫ਼ੀ ਘੱਟ ਸਕਦੀ ਹੈ। ਇਸ ਮੌਕੇ ਏਮਜ ਬਠਿੰਡਾ ਤੋਂ ਡਾ. ਪ੍ਰਕਾਸ਼ ਨੇ ਕਿਹਾ ਕਿ ਅੱਖਾਂ ਦੀ ਜਾਂਚ ਛੇ ਮਹੀਨੇ ’ਚ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਗੁਲੂਕੋਮਾ ਦੇ ਇਲਾਜ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਦਵਾਈਆਂ ਕਾਰਗਰ ਨਾ ਹੋਣ ਤਾਂ ਅੱਖਾਂ ਵਿਚ ਵਧੇ ਹੋਏ ਦਬਾਅ ਨੂੰ ਘਟਾਉਣ ਲਈ ਲੇਜ਼ਰ ਜਾਂ ਆਪਰੇਸ਼ਨ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਕਰਵਾਉਣ ’ਤੇ ਹੀ ਕਾਲੇ ਮੋਤੀਏ ਦਾ ਪਤਾ ਲੱਗ ਸਕਦਾ ਹੈ।