ਗੁਰੂਘਰ ਦੇ ਬਾਹਰ ਦੋ ਧਿਰਾਂ ’ਚ ਖੂਨੀ ਝੜਪ, ਪੰਜ ਜ਼ਖ਼ਮੀ
ਗੁਰਦੁਆਰਾ ਸਾਹਿਬ ਦੇ ਬਾਹਰ ਦੋ ਧਿਰਾਂ ਵਿਚ ਖੂਨੀ ਝੜਪ , ਪੰਜ ਜਖਮੀ
Publish Date: Sun, 08 Mar 2026 07:59 PM (IST)
Updated Date: Mon, 09 Mar 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੈਂਟ ਇਲਾਕੇ ਦੇ ਫੂਸ ਮੰਡੀ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਇਆ ਝਗੜਾ ਹਿੰਸਕ ਰੂਪ ਧਾਰ ਗਿਆ। ਝਗੜੇ ਦੌਰਾਨ ਇਕ ਧਿਰ ਵੱਲੋਂ ਤਲਵਾਰਾਂ ਅਤੇ ਬਰਛਿਆਂ ਨਾਲ ਕੀਤੇ ਹਮਲੇ ਵਿਚ ਪੰਜ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪਿੰਡ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਪਰਿਸਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਪੱਖਾਂ ਵਿਚਾਲੇ ਤਕਰਾਰ ਹੋ ਗਈ ਜੋ ਥੋੜ੍ਹੀ ਦੇਰ ਵਿਚ ਹੀ ਵੱਡੇ ਝਗੜੇ ਵਿੱਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਵਾਦ ਵੱਧ ਗਿਆ ਤਾਂ ਇਕ ਧਿਰ ਦੇ ਲੋਕਾਂ ਨੇ ਤਲਵਾਰਾਂ ਅਤੇ ਬਰਛਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਅਤੇ ਜਸਵੰਤ ਸਿੰਘ ਸਮੇਤ ਕੁੱਲ ਪੰਜ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਥਾਣਾ ਕੈਂਟ ਦੇ ਐੱਸਐੱਚਓ ਰਘੁਵੀਰ ਸਿੰਘ ਨੇ ਦੱਸਿਆ ਕਿ 7 ਮਾਰਚ ਨੂੰ ਡੀਸੀਆਰ ਰਾਹੀਂ ਝਗੜੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਤੇ ਜਸਵੰਤ ਸਿੰਘ ਨੂੰ ਤਲਵਾਰਾਂ ਅਤੇ ਬਰਛਿਆਂ ਨਾਲ ਜਖਮੀ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅੱਠ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਤਿੰਨ ਦੋਸ਼ੀਆਂ ਨਿਹਾਲ ਸਿੰਘ, ਪਲਵਿੰਦਰ ਸਿੰਘ ਕਾਲਾ ਅਤੇ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।